ਵੱਡੀ ਖ਼ਬਰ : ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ BJP ''ਚ ਸ਼ਾਮਲ, ਅੰਮ੍ਰਿਤਸਰ ਤੋਂ ਹੋ ਸਕਦੇ ਨੇ ਉਮੀਦਵਾਰ!
Tuesday, Mar 19, 2024 - 06:34 PM (IST)
ਨਵੀਂ ਦਿੱਲੀ- ਅਮਰੀਕਾ 'ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਜਪਾ 'ਚ ਸ਼ਾਮਲ ਹੋ ਗਏ ਹਨ। 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ.) ਅਧਿਕਾਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ 10 ਸਾਲਾਂ 'ਚ ਮੈਂ ਪੀ.ਐੱਮ. ਮੋਦੀ ਦੇ ਅਗਵਾਈ ਦੇ ਨਾਲ ਮਿਲ ਕੇ ਕੰਮ ਕੀਤਾ ਹੈ, ਖਾਸ ਕਰਕੇ ਅਮਰੀਕਾ ਅਤੇ ਸ਼੍ਰੀਲੰਕਾ ਦੇ ਨਾਲ। ਅੱਜ ਵਿਕਾਸ ਦੀ ਬਹੁਤ ਲੋੜ ਹੈ ਅਤੇ ਇਹ ਵਿਕਾਸ ਅੰਮ੍ਰਿਤਸਰ ਤਕ ਵੀ ਪਹੁੰਚਣਾ ਚਾਹੀਦਾ ਹੈ। ਇਸ ਲਈ ਮੈਂ ਪਾਰਟੀ ਪ੍ਰਧਾਨ, ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਮੈਨੂੰ ਦੇਸ਼ ਦੀ ਸੇਵਾ ਦੇ ਨਵੇਂ ਰਸਤੇ 'ਤੇ ਜਾਣ ਲਈ ਉਤਸ਼ਾਹਿਤ ਕੀਤਾ, ਜਿਸ ਵਿਚ ਮੈਂ ਐਂਟਰੀ ਕਰ ਰਿਹਾ ਹੈ।
ਦੱਸ ਦੇਈਏ ਕਿ ਪਿਛਲੇ ਦਿਨਾਂ ਤੋਂ ਹੀ ਸੰਧੂ ਨੇ ਦਿੱਲੀ 'ਚ ਕੇਂਦਰੀ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਵਿਕਾਸ ਦਾ ਮੁੱਦਾ ਉਠਾਇਆ ਸੀ। ਸੱਭਿਆਚਾਰ ਮੰਤਰਾਲੇ ਦੇ ਸਕੱਤਕ ਗੋਵਿੰਦ ਮੋਹਨ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਸਮਾਰਕਾਂ ਖਾਸ ਕਰਕੇ ਅੰਮ੍ਰਿਤਸਰ ਅਤੇ ਬਟਾਲਾ ਦੀ ਸਥਿਤੀ ਸਮਾਰਕਾਂ ਦੀ ਖ਼ਸਤਾ ਹਾਲਤ ਦਾ ਮੁੱਦਾ ਉਠਾਇਆ। ਇਸ ਕਾਰਨ ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ 2 ਕਰੋੜ 76 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਇਤਿਹਾਸਕ ਵਿਰਾਸਤੀ ਸਮਾਰਕਾਂ ਦੀ ਸਾਂਭ ਸੰਭਾਲ ਲਈ ਲੋੜੀਂਦੀ ਕਾਰਵਾਈ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਸੰਧੂ ਨੇ ਭਾਰਤ ਸਰਕਾਰ ਦੇ ਸਿੱਖਿਆ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਧਰਮਿੰਦਰ ਪ੍ਰਧਾਨ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਲਈ ਆਈ.ਆਈ.ਟੀ. ਮੰਗ ਕੀਤੀ ਸੀ।