ਜੰਗਲਾਤ ਵਿਭਾਗ ਦੀ ਟੀਮ ’ਤੇ ਰੇਤ ਮਾਫੀਆ ਨੇ ਕੀਤਾ ਹਮਲਾ, 2 ਲੋਕ ਜ਼ਖ਼ਮੀ
Monday, Apr 07, 2025 - 10:17 AM (IST)

ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ’ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਇਕ ਸਮੂਹ ਵੱਲੋਂ ਕੀਤੇ ਗਏ ਪਥਰਾਅ ’ਚ ਜੰਗਲਾਤ ਵਿਭਾਗ ਦੇ 2 ਕਰਮਚਾਰੀ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ ਉਦੋਂ ਵਾਪਰੀ ਜਦੋਂ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਦੇਵਗੜ੍ਹ ਥਾਣਾ ਖੇਤਰ ’ਚ ਰੇਤ ਦੀ ਗੈਰ-ਕਾਨੂੰਨੀ ਢੋਆ-ਢੁਆਈ ’ਚ ਕਥਿਤ ਤੌਰ ’ਤੇ ਸ਼ਾਮਲ ਇਕ ਟਰੈਕਟਰ-ਟਰਾਲੀ ਨੂੰ ਰੋਕਿਆ।
ਜੰਗਲਾਤ ਵਿਭਾਗ ਦੇ ਸਬ-ਡਵੀਜ਼ਨਲ ਅਫਸਰ (ਐੱਸ. ਡੀ. ਓ.) ਭੂਰਾ ਗਾਇਕਵਾੜ ਨੇ ਕਿਹਾ, ‘‘ਜਦੋਂ ਵਿਭਾਗ ਦੀ ਟੀਮ ਟਰੈਕਟਰ-ਟਰਾਲੀ ਨੂੰ ਥਾਣੇ ਲਿਜਾ ਰਹੀ ਸੀ, ਤਾਂ ਰੇਤ ਮਾਫੀਆ ਦੇ ਲੋਕਾਂ ਨੇ ਇਕ ਪੁਲੀ ਦੇ ਨੇੜੇ ਉਨ੍ਹਾਂ ’ਤੇ ਪਥਰਾਅ ਕੀਤਾ।’’ ਉਨ੍ਹਾਂ ਕਿਹਾ ਕਿ ਇਸ ਘਟਨਾ ’ਚ ਵਿਭਾਗ ਦੇ ਦੋ ਵਾਹਨ ਨੁਕਸਾਨੇ ਗਏ। ਉਨ੍ਹਾਂ ਕਿਹਾ ਕਿ ਹਮਲੇ ਦੇ ਬਾਵਜੂਦ ਵਿਭਾਗ ਦੇ ਕਰਮਚਾਰੀ ਟਰੈਕਟਰ-ਟਰਾਲੀ ਨੂੰ ਥਾਣੇ ਲੈ ਗਏ।