ਗੁਰੂਗ੍ਰਾਮ ''ਚ 26 ਜਨਵਰੀ ਤੱਕ ਡਰੋਨ, ਹਲਕੇ ਹਵਾਈ ਜਹਾਜ਼ ਤੇ ਪਤੰਗ ਉਡਾਉਣ ''ਤੇ ਪਾਬੰਦੀ

Saturday, Jan 14, 2023 - 10:40 AM (IST)

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਸਖ਼ਤ ਸੁਰੱਖਿਆ ਵਿਵਸਥਾ ਤਹਿਤ ਸੀ. ਆਰ. ਪੀ. ਸੀ ਦੀ ਧਾਰਾ-144 ਤਹਿਤ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਹੁਕਮਾਂ ਅਨੁਸਾਰ ਡਰੋਨ, ਮਾਈਕ੍ਰੋਲਾਈਟ, ਏਅਰਕ੍ਰਾਫਟ, ਗਲਾਈਡਰ, ਗਰਮ ਹਵਾ ਦੇ ਗੁਬਾਰੇ, ਪਤੰਗਾਂ ਅਤੇ ਚਾਈਨੀਜ਼ ਮਾਈਕ੍ਰੋਲਾਈਟ ਵਾਹਨਾਂ ਦੀ ਉਡਾਣ 'ਤੇ 26 ਜਨਵਰੀ ਤੱਕ ਪਾਬੰਦੀ ਰਹੇਗੀ।

ਡਿਪਟੀ ਕਮਿਸ਼ਨਰ ਯਾਦਵ ਨੇ ਸਾਈਬਰ ਕੈਫੇ, ਗੈਸਟ ਹਾਊਸ, ਹੋਟਲ ਅਤੇ ਮਕਾਨ ਮਾਲਕਾਂ ਅਤੇ ਹੋਰ ਦਫਤਰਾਂ ਦੇ ਸੰਚਾਲਕਾਂ ਨੂੰ ਕਿਰਾਏਦਾਰਾਂ, ਕਰਮਚਾਰੀਆਂ ਅਤੇ ਮਹਿਮਾਨਾਂ ਦੇ ਪਛਾਣ ਪੱਤਰ ਅਤੇ ਹੋਰ ਰਿਕਾਰਡ ਰੱਖਣ ਦੇ ਆਦੇਸ਼ ਦਿੱਤੇ ਹਨ। ਇਹ ਹੁਕਮ ਗਣਤੰਤਰ ਦਿਵਸ ਮੌਕੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਸੁਰੱਖਿਆ ਕਾਰਨਾਂ ਕਰਕੇ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਬਿਆਨ ਵਿਚ ਕਿਹਾ  ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।


Tanu

Content Editor

Related News