ਇਸ ਮਾਨਸੂਨ ''ਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 16 ਸੂਬਿਆਂ ''ਚ 900 ਤੋਂ ਜ਼ਿਆਦਾ ਮੌਤਾਂ
Sunday, Aug 09, 2020 - 09:12 PM (IST)
ਨਵੀਂ ਦਿੱਲੀ : ਕੋਰੋਨਾ ਵਾਇਰਸ ਵਿਚਾਲੇ ਇਸ ਸਾਲ ਦਾ ਮਾਨਸੂਨ ਵੀ ਮੁਸੀਬਤਾਂ ਦਾ ਪਹਾੜ ਲੈ ਕੇ ਆਇਆ ਹੈ। ਇਸ ਮਾਨਸੂਨ 'ਚ 16 ਸੂਬੇ ਬੇਹਾਲ ਹੋ ਗਏ ਹਨ। ਅਜੇ ਤੱਕ ਇਨ੍ਹਾਂ ਸੂਬਿਆਂ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 900 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਕੇਰਲ 'ਚ ਇੱਕ ਵੱਡੇ ਜ਼ਮੀਨ ਖਿਸਕਣ ਦੇ ਹਾਦਸੇ 'ਚ 33 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪੱਛਮੀ ਬੰਗਾਲ, ਅਸਾਮ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ 'ਚੋਂ ਇੱਕ ਹਨ।
ਲੱਖਾਂ ਲੋਕ ਹੋਏ ਪ੍ਰਭਾਵਿਤ
ਬਿਹਾਰ 'ਚ 69 ਲੱਖ ਅਤੇ ਅਸਾਮ 'ਚ 57 ਲੱਖ ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਘਰ ਤਬਾਹ ਹੋ ਗਏ। ਦੇਸ਼ ਦੇ ਲੱਖਾਂ ਲੋਕ ਬੇਘਰ ਹੋ ਗਏ। ਉਨ੍ਹਾਂ ਦਾ ਪਸ਼ੂ ਪਾਲਣ ਅਤੇ ਰੋਜ਼ੀ-ਰੋਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਹਜ਼ਾਰਾਂ ਲੋਕ ਬੇਘਰ ਹੋਣ ਤੋਂ ਬਾਅਦ ਰਾਹਤ ਕੈਂਪਾਂ 'ਚ ਰਹਿ ਰਹੇ ਹਨ। ਕੇਂਦਰ ਸਰਕਾਰ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀਆਂ 141 ਟੀਮਾਂ ਰੈਸਕਿਊ ਆਪ੍ਰੇਸ਼ਨ 'ਚ ਲਗਾਈਆਂ ਹਨ।
ਇਸ ਤੋਂ ਇਲਾਵਾ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸਾਂ ਵੀ ਰਾਹਤ ਕੰਮਾਂ 'ਚ ਲੱਗੀਆਂ ਹਨ।
10 ਦਿਨਾਂ 'ਚ 200 ਦੀ ਮੌਤ
10 ਦਿਨਾਂ 'ਚ ਪ੍ਰਮੁੱਖ ਪ੍ਰਭਾਵਿਤ ਸੂਬਿਆਂ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 200 ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਉਥੇ ਹੀ ਹੁਣ ਜਾਰੀ ਅੰਕੜਿਆਂ ਦੇ ਅਨੁਸਾਰ, ਸਭ ਤੋਂ ਜ਼ਿਆਦਾ 239 ਮੌਤਾਂ ਪੱਛਮੀ ਬੰਗਾਲ 'ਚ ਹੋਈਆਂ। ਉਥੇ ਹੀ ਗੁਜਰਾਤ 'ਚ 87, ਕਰਨਾਟਕ 'ਚ 74 ਅਤੇ ਮੱਧ ਪ੍ਰਦੇਸ਼ 'ਚ ਵੀ 74 ਲੋਕਾਂ ਦੀ ਮੌਤ ਹੋਈ। ਅਸਾਮ 'ਚ 136 ਲੋਕਾਂ ਨੇ ਹੜ੍ਹ ਕਾਰਨ ਅਤੇ 26 ਲੋਕਾਂ ਨੇ ਜ਼ਮੀਨ ਖਿਸਕਣ ਦੇ ਹਾਦਸੇ 'ਚ ਜਾਨ ਗੁਆਈ। ਉਥੇ ਹੀ ਕਈ ਥਾਵਾਂ ਤੋਂ ਮੌਤਾਂ ਨੂੰ ਲੈ ਕੇ ਰਿਪੋਰਟ ਬਣਾ ਕੇ ਕੇਂਦਰ ਨੂੰ ਭੇਜਣਾ ਅਜੇ ਬਾਕੀ ਹੈ। ਕੁਦਰਤੀ ਆਫਤਾਂ ਵਿਚਾਲੇ ਸੂਬੇ ਬੇਹਾਲ ਹਨ। ਇੱਥੇ ਸੋਸ਼ਲ ਡਿਸਟੈਂਸਿੰਗ ਅਤੇ ਕੋਰੋਨਾ ਵਾਇਰਸ ਗਾਈਡਲਾਈਨ ਦਾ ਪਾਲਣ ਨਹੀਂ ਹੋ ਰਿਹਾ ਹੈ।
ਲੱਖਾਂ ਲੋਕ ਹਰ ਸਾਲ ਹੁੰਦੇ ਹਨ ਪ੍ਰਭਾਵਿਤ
ਦੇਸ਼ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫਤਾਂ ਨੂੰ ਲੈ ਕੇ ਹਰ ਸਾਲ ਸੈਂਕੜੇ ਲੋਕਾਂ ਦੀ ਮੌਤ ਹੁੰਦੀ ਹੈ। ਹਰ ਸਾਲ ਲੱਖਾਂ ਲੋਕ ਬੇਘਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਗਰੀਬੀ 'ਚ ਆਪਣਾ ਜੀਵਨ ਗੁਜ਼ਾਰਨਾ ਪੈਂਦਾ ਹੈ। ਲੱਖਾਂ ਲੋਕਾਂ ਦਾ ਪੇਸ਼ਾ ਪ੍ਰਭਾਵਿਤ ਹੁੰਦੀ ਹੈ। ਹਜ਼ਾਰਾਂ ਏਕੜ ਫਸਲ ਬਰਬਾਦ ਹੋ ਜਾਂਦੀ ਹੈ।