31 ਦਸੰਬਰ ਤੋਂ ਅੱਗੇ ਵਧਾਈ ਜਾ ਸਕਦੀ ਹੈ UK ਤੋਂ ਉਡਾਣਾਂ ''ਤੇ ਲਾਈ ਪਾਬੰਦੀ

Tuesday, Dec 29, 2020 - 11:26 PM (IST)

31 ਦਸੰਬਰ ਤੋਂ ਅੱਗੇ ਵਧਾਈ ਜਾ ਸਕਦੀ ਹੈ UK ਤੋਂ ਉਡਾਣਾਂ ''ਤੇ ਲਾਈ ਪਾਬੰਦੀ

ਨਵੀਂ ਦਿੱਲੀ- ਸਰਕਾਰ ਯੂ. ਕੇ. ਲਈ ਉਡਾਣਾਂ 'ਤੇ ਲਾਈ ਪਾਬੰਦੀ 31 ਦਸੰਬਰ ਤੋਂ ਅੱਗੇ ਵਧਾ ਸਕਦੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਇਸ ਦਾ ਸੰਕੇਤ ਦਿੱਤਾ।

ਉਨ੍ਹਾਂ ਕਿਹਾ ਕਿ ਯੂ. ਕੇ. ਤੋਂ ਉਡਾਣਾਂ ਨੂੰ ਥੋੜ੍ਹੇ ਹੋਰ ਸਮੇਂ ਲਈ ਮੁਅੱਤਲ ਕੀਤੇ ਜਾਣ ਦੀ ਉਮੀਦ ਹੈ। ਹਾਲਾਂਕਿ, ਅਜਿਹਾ ਲੰਮੇ ਜਾਂ ਅਨਿਸ਼ਚਿਤ ਸਮੇਂ ਤੱਕ ਲਈ ਨਹੀਂ ਹੋਵੇਗਾ।

ਗੌਰਤਲਬ ਹੈ ਕਿ ਯੂ. ਕੇ. ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਹੋਣ ਮਗਰੋਂ ਭਾਰਤ ਨੇ ਯੂ. ਕੇ. ਤੋਂ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਾ ਦਿੱਤੀ ਸੀ। ਇਹ ਰੋਕ 22 ਦਸੰਬਰ ਦੀ ਅੱਧੀ ਰਾਤ ਤੋਂ ਲਾਗੂ ਹੋ ਗਈ ਸੀ, ਜੋ ਕਿ 31 ਦਸੰਬਰ ਤੱਕ ਜਾਰੀ ਰਹੇਗੀ।

ਇਸ ਦੇ ਨਾਲ ਹੀ ਸਰਕਾਰ ਨੇ ਹੁਕਮ ਲਾਗੂ ਹੋਣ ਤੋਂ ਪਹਿਲਾਂ ਬ੍ਰਿਟੇਨ ਤੋਂ ਉਡਾਣ ਭਰ ਚੁੱਕੇ ਹਰ ਯਾਤਰੀ ਲਈ ਸਬੰਧਤ ਹਵਾਈ ਅੱਡਿਆਂ 'ਤੇ ਆਰ. ਟੀ.-ਪੀ. ਸੀ. ਆਰ. ਟੈਸਟ ਜ਼ਰੂਰੀ ਕਰ ਦਿੱਤਾ ਸੀ। ਇਸ ਵਿਚਕਾਰ ਮੰਗਲਵਾਰ ਨੂੰ ਸਰਕਾਰ ਨੇ ਦੇਸ਼ ਵਿਚ ਕੋਵਿਡ-19 ਦੇ ਨਵੇਂ ਸਟ੍ਰੇਨ ਦੇ 6 ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਹੈ, ਜੋ ਯੂ. ਕੇ. ਤੋਂ ਆਏ ਯਾਤਰੀਆਂ ਵਿਚ ਮਿਲਿਆ ਹੈ। ਬ੍ਰਿਟੇਨ ਮੁਤਾਬਕ, ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ 70 ਫ਼ੀਸਦੀ ਜ਼ਿਆਦਾ ਸੰਕਰਾਮਕ ਹੈ। ਭਾਰਤ ਵਿਚ ਨਵੇਂ ਸਟ੍ਰੇਨ ਦੇ ਮਾਮਲਿਆਂ ਵਿਚੋਂ ਤਿੰਨ ਬੇਂਗਲੁਰੂ, ਦੋ ਹੈਦਰਾਬਾਦ ਅਤੇ ਇਕ ਪੁਣੇ ਨੇ ਰਿਪੋਰਟ ਕੀਤਾ ਹੈ। ਇਨ੍ਹਾਂ ਸਾਰੇ 6 ਸੰਕ੍ਰਮਿਤਾਂ ਨੂੰ ਸਬੰਧਤ ਸੂਬਿਆਂ ਵਿਚ ਸਿੰਗਲ-ਰੂਮ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਇਨ੍ਹਾਂ ਦੇ ਨੇੜਲੇ ਸੰਪਰਕ ਵਿਚ ਆਏ ਵੀ ਇਕਾਂਤਵਾਸ ਕੀਤੇ ਗਏ ਹਨ।


author

Sanjeev

Content Editor

Related News