ਬੈਂਗਲੁਰੂ ''ਚ ਭੜਕੀ ਹਿੰਸਾ; 250 ਗੱਡੀਆਂ ਸਾੜੀਆਂ, ਪੁਲਸ ਗੋਲੀਬਾਰੀ ''ਚ 3 ਦੀ ਮੌਤ

08/12/2020 9:10:25 PM

ਬੈਂਗਲੁਰੂ (ਏਜੰਸੀਆਂ) : ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਪੋਸਟ ਨੂੰ ਲੈ ਕੇ ਕਰਨਾਟਕ 'ਚ ਬੈਂਗਲੁਰੂ ਦੇ ਪੁਲਾਕੇਸ਼ੀ ਨਗਰ ਵਿਧਾਨ ਸਭਾ ਖੇਤਰ ਦੇ ਦੇਵਰਾਜੀਵਨਹੱਲੀ ਅਤੇ ਕਾਡੁਗੋਂਡਾਨਾਹੱਲੀ ਥਾਣਾ ਖੇਤਰ 'ਚ ਹਿੰਸਾ ਭੜਕਣ ਤੋਂ ਬਾਅਦ ਪਥਰਾਅ ਅਤੇ ਅੱਗ ਲਗਾ ਰਹੇ ਪ੍ਰਦਰਸ਼ਨਕਾਰੀਆਂ 'ਤੇ ਪੁਲਸ ਵੱਲੋਂ ਕੀਤੀ ਗਈ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਥਾਣਿਆਂ ਦੇ 50 ਪੁਲਸ ਮੁਲਾਜ਼ਮਾਂ ਸਮੇਤ ਕਈ ਹੋਰ ਜ਼ਖ਼ਮੀ ਹੋ ਗਏ। ਬਦਮਾਸ਼ਾਂ ਨੇ ਕੁਝ ਘੰਟਿਆਂ 'ਚ ਹੀ ਲੱਗਭੱਗ 250 ਗੱਡੀਆਂ ਅੱਗ ਦੇ ਹਵਾਲੇ ਕਰ ਦਿੱਤੀਆਂ।

ਮੰਗਲਵਾਰ ਰਾਤ ਇੱਕ ਭਾਈਚਾਰੇ ਵਿਸ਼ੇਸ਼ ਦੇ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਪੈਗੰਬਰ ਮੁਹੰਮਦ ਬਾਰੇ ਭੜਕਾਊ ਪੋਸਟ ਪਾਉਣ ਲਈ ਪੁਲਾਕੇਸ਼ੀ ਨਗਰ ਦੇ ਕਾਂਗਰਸ ਵਿਧਾਇਕ ਅਖੰਡ ਸ਼੍ਰੀਨਿਵਾਸ ਮੂਰਤੀ ਦੇ ਇੱਕ ਰਿਸ਼ਤੇਦਾਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕਾਡੁਗੋਂਡਾਨਾਹੱਲੀ ਥਾਣੇ ਕੋਲ ਇਕੱਠੇ ਹੋਏ ਸਨ।

ਵਿਰੋਧ-ਪ੍ਰਦਰਸ਼ਨ ਤੋਂ ਬਾਅਦ ਭੀੜ ਨੇ ਥਾਣੇ 'ਚ ਅੱਗ ਲਗਾ ਦਿੱਤੀ ਅਤੇ ਪੁਲਸ ਮੁਲਾਜ਼ਮਾਂ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਭੀੜ ਨੇ ਦੇਖਦੇ ਹੀ ਦੇਖਦੇ ਕਈ ਪੁਲਸ ਅਤੇ ਨਿੱਜੀ ਵਾਹਨਾਂ ਨੂੰ ਅੱਗ ਲਗਾ ਦਿੱਤੀ। ਉਸ ਤੋਂ ਬਾਅਦ ਭੀੜ ਵਿਧਾਇਕ ਮੂਰਤੀ ਦੇ ਮਕਾਨ 'ਤੇ ਪਹੁੰਚ ਗਈ ਅਤੇ ਉੱਥੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਵਿਧਾਇਕ ਅਤੇ ਉਨ੍ਹਾਂ ਦੀ ਭੈਣ ਦੇ ਸਾਮਾਨ ਦੀ ਭੰਨ੍ਹਤੋੜ ਕੀਤੀ। ਬਦਮਾਸ਼ਾਂ ਨੇ ਇੱਕ ਏ.ਟੀ.ਐੱਮ. ਨੂੰ ਵੀ ਨਸ਼ਟ ਕਰ ਦਿੱਤਾ। ਉੱਥੇ ਖੜ੍ਹੀਆਂ ਕਾਰਾਂ ਅਤੇ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਬਦਮਾਸ਼ਾਂ ਨੇ ਦੇਵਰਾਜੀਵਨਹੱਲੀ ਥਾਣੇ 'ਤੇ ਵੀ ਪਥਰਾਅ ਕੀਤਾ।

ਬਦਮਾਸ਼ਾਂ ਨੂੰ ਸ਼ਾਂਤ ਕਰਨ ਲਈ ਸੀਨੀਅਰ ਪੁਲਸ ਅਧਿਕਾਰੀ ਘਟਨਾ ਸਥਾਨ 'ਤੇ ਪੁੱਜੇ ਪਰ ਉਹ ਵੀ ਭੀੜ ਦਾ ਨਿਸ਼ਾਨਾ ਬਣ ਗਏ। ਹਮਲੇ 'ਚ 50 ਦੇ ਕਰੀਬ ਪੁਲਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਅਤੇ ਕਈ ਵਾਹਨਾਂ ਦੇ ਸਾੜੇ ਜਾਣ ਤੋਂ ਬਾਅਦ ਪੁਲਸ ਨੇ ਬੇਕਾਬੂ ਹੋ ਚੁੱਕੀ ਭੀੜ ਨੂੰ ਹਟਾਉਣ ਲਈ ਡੰਡੇ ਵਰ੍ਹਾਏ, ਹੰਝੂ ਗੈਸ ਦੇ ਗੋਲੇ ਦਾਗੇ ਅਤੇ ਗੋਲੀਆਂ ਚਲਾਈਆਂ। ਗੋਲੀ ਲੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਲਾਤ ਨੂੰ ਦੇਖਦੇ ਹੋਏ ਦੇਵਰਾਜੀਵਨਹੱਲੀ ਅਤੇ ਕਾਡੁਗੋਂਡਾਨਾਹੱਲੀ 'ਚ ਕਰਫਿਊ ਲਗਾਉਣਾ ਪਿਆ। ਪੁਲਸ ਨੇ ਇਤਰਾਜ਼ਯੋਗ ਪੋਸਟ ਲਈ ਵਿਧਾਇਕ ਦੇ ਰਿਸ਼ਤੇਦਾਰ ਨੂੰ ਅਤੇ ਸਮਾਜ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ 150 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ।

ਯੋਜਨਾਬੱਧ ਸੀ ਹਿੰਸਾ, ਯੂ.ਪੀ. ਵਾਂਗ ਹੋਵੇਗੀ ਜਾਇਦਾਦ ਦੇ ਨੁਕਸਾਨ ਦੀ ਵਸੂਲੀ
ਕਰਨਾਟਕ ਮੰਤਰੀ  ਸੀ.ਟੀ. ਰਵੀ ਨੇ ਕਿਹਾ ਕਿ ਹਿੰਸਾ ਦੀ ਯੋਜਨਾ ਪਹਿਲਾਂ ਤੋਂ ਹੀ ਬਣਾਈ ਗਈ ਸੀ। ਜਾਇਦਾਦ ਦੇ ਨੁਕਸਾਨ ਲਈ ਪੈਟਰੋਲ ਬੰਬ ਅਤੇ ਪੱਥਰਾਂ ਦਾ ਇਸਤੇਮਾਲ ਕੀਤਾ ਗਿਆ। ਜਿਵੇਂ ਉੱਤਰ ਪ੍ਰਦੇਸ਼ 'ਚ ਬਦਮਾਸ਼ਾਂ ਤੋਂ ਜਾਇਦਾਦ ਦੀ ਵਸੂਲੀ ਕੀਤੀ ਗਈ ਸੀ, ਉਸੇ ਤਰ੍ਹਾਂ ਕਰਨਾਟਕ 'ਚ ਵੀ ਹੋਵੇਗੀ।  ਹਿੰਸਾ 'ਚ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ।


Inder Prajapati

Content Editor

Related News