ਹਿਮਾਚਲ ਪ੍ਰਦੇਸ਼ ’ਚ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ, ਵਧੀ ਠੰਡ
Tuesday, Oct 11, 2022 - 02:57 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ’ਚ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਹੈ ਅਤੇ ਲਗਾਤਾਰ ਮੀਂਹ ਪੈਣ ਕਾਰਨ ਇੱਥੇ ਠੰਡ ਦਾ ਕਹਿਰ ਵਧ ਗਿਆ ਹੈ। ਕਾਜਾ ਦੇ ਜਨਸੰਪਰਕ ਅਧਿਕਾਰੀ ਦੇ ਬੁਲਾਰੇ ਅਜੇ ਬਨਿਆਲ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਜੇ ਮੁਤਾਬਕ ਸਪੀਤੀ ਸਬ-ਡਿਵੀਜਨ ਦੇ ਲੋਸਰ ਅਤੇ ਛਛੀਮ ਪਿੰਡਾਂ ਵਿਚ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਲਾਹੌਲ-ਸਪੀਤੀ, ਕਿੰਨੌਰ ਅਤੇ ਚੰਬਾ ਜ਼ਿਲ੍ਹੇ ਦੇ ਹੋਰ ਇਲਾਕਿਆਂ ’ਚ ਬਰਫ਼ਬਾਰੀ ਹੋਈ ਅਤੇ ਉੱਥੇ ਕਾਲੇ ਬੱਦਲ ਛਾਏ ਹੋਏ ਹਨ।
ਕਾਜਾ ’ਚ ਘੱਟ ਤੋਂ ਘੱਟ ਤਾਪਮਾਨ 0 ਡਿਗਰੀ ਤੋਂ ਹੇਠਾਂ ਅਤੇ ਜ਼ਿਲ੍ਹਾ ਹੈੱਡਕੁਆਰਟਰ ਕੇਲਾਂਗ ’ਚ 3 ਡਿਗਰੀ ਦਰਜ ਕੀਤੀ ਗਈ। ਕਾਂਗੜਾ ਜ਼ਿਲ੍ਹੇ ਦੇ ਗੁਲੇਰ ’ਚ 81.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਧਰਮਸ਼ਾਲਾ ’ਚ 81.3 ਮਿਲੀਮੀਟਰ ਅਤੇ ਪਾਊਂਟਾ ਸਾਹਿਬ ’ਚ 80-80 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ ਸਿਰਮੌਰ, ਸੋਲਨ, ਸ਼ਿਮਲਾ, ਬਿਲਾਸਪੁਰ, ਮੰਡੀ, ਹਮੀਰਪੁਰ, ਕੁੱਲੂ, ਲਾਹੌਲ-ਸਪੀਤੀ, ਕਿੰਨੌਰ ਅਤੇ ਸ਼ਿਮਲਾ ਅਤੇ ਬਿਲਾਸਪੁਰ ’ਚ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਲਾਹੌਲ-ਸਪੀਤੀ ਅਤੇ ਕਿੰਨੌਰ ਦੇ ਉੱਚਾਈ ਵਾਲੇ ਇਲਾਕਿਆਂ ’ਤੇ ਬਰਫ਼ਬਾਰੀ ਹੋ ਸਕਦੀ ਹੈ ਅਤੇ ਕੁਝ ਘੰਟਿਆਂ ਬਾਅਦ ਮੌਸਮ ਸਾਫ ਹੋਣ ਦਾ ਅਨੁਮਾਨ ਹੈ।