ਅਮਰਨਾਥ ਯਾਤਰਾ: ਪਵਿੱਤਰ ਗੁਫਾ ''ਚ ਬਿਰਾਜਮਾਨ ਬਾਬਾ ਬਰਫ਼ਾਨੀ, ਹੋਏ ਇਸ ਸਾਲ ਦੇ ਪਹਿਲੇ ਸ਼ਿਵਲਿੰਗ ਦਰਸ਼ਨ
Monday, May 08, 2023 - 10:11 AM (IST)

ਜੰਮੂ (ਆਨੰਦ)- ਕਰੋੜਾਂ ਸ਼ਿਵ ਭਗਤਾਂ ਦੀ ਆਸਥਾ ਦਾ ਕੇਂਦਰ ਜੰਮੂ-ਕਸ਼ਮੀਰ ਵਿਖੇ ਸ੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦੇ ਕੁਝ ਭਗਤਾਂ ਨੂੰ ਭਗਵਾਨ ਭੋਲੇਨਾਥ ਜੀ, ਜੋ ਕਿ ਬਰਫ਼ ਨਾਲ ਬਣੇ ਸ਼ਿਵਲਿੰਗ ਰੂਪ ਵਿਚ ਬਿਰਾਜਮਾਨ ਹਨ, ਦੇ ਦਰਸ਼ਨ ਕਰਨ ਦਾ ਸੌਭਾਗ ਪ੍ਰਾਪਤ ਹੋਇਆ ਹੈ। ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਇੰਨਾ ਭਗਤਾਂ ਨੇ ਇਹ ਦਰਸ਼ਨ ਪ੍ਰੈੱਸ ਨੂੰ ਜਾਰੀ ਕੀਤੇ। ਇੱਥੇ ਇਹ ਵਰਣਨਯੋਗ ਹੈ ਕਿ ਇਸ ਸਾਲ ਇਹ ਪਵਿੱਤਰ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਕੀਤੇ ਜਾਣ ਦਾ ਐਲਾਨ ਅਮਰਨਾਥ ਸ਼ਰਾਈਨ ਬੋਰਡ ਵਲੋਂ ਕੀਤਾ ਗਿਆ ਹੈ।
ਬਾਬਾ ਅਮਰਨਾਥ ਦੀ ਸਾਲਾਨਾ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਜੋ ਕਿ 31 ਅਗਸਤ ਨੂੰ ਰੱਖੜੀ ਵਾਲੇ ਦਿਨ ਸੰਪੰਨ ਹੋਵੇਗੀ। ਇਸ ਵਾਰ ਯਾਤਰਾ 62 ਦਿਨ ਦੀ ਹੈ। ਅਜੇ ਯਾਤਰਾ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਪਵਿੱਤਰ ਗੁਫਾ ਵਿਚ ਬਾਬਾ ਬਰਫ਼ਾਨੀ ਪ੍ਰਗਟ ਹੋ ਗਏ ਹਨ। ਪਵਿੱਤਰ ਗੁਫ਼ਾ ਵਿਚ ਬਾਬਾ ਬਰਫ਼ਾਨੀ ਦੇ ਪੂਰਨ ਰੂਪ ਨਾਲ ਪ੍ਰਗਟ ਹੋਣ ਦੀਆਂ ਤਸਵੀਰਾਂ ਆ ਰਹੀਆਂ ਹਨ।
ਕੁਝ ਸ਼ਰਧਾਲੂਆਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਦਰਸ਼ਨ ਕਰ ਚੁੱਕੇ ਹਨ। ਬਾਬਾ ਅਮਰਨਾਥ ਦੀ ਯਾਤਰਾ ਲਈ ਕੈਂਪ ਅਤੇ ਯਾਤਰਾ ਮਾਰਗ ਦੀ ਮੁਰੰਮਤ ਦਾ ਕੰਮ ਅਜੇ ਸ਼ੁਰੂ ਹੋਣ ਜਾ ਰਿਹਾ ਹੈ। ਅਮਰਨਾਥ ਜੀ ਸ਼ਰਾਈਨ ਬੋਰਡ ਇਸ ਦੀਆਂ ਤਿਆਰੀਆਂ ਕਰ ਰਿਹਾ ਹੈ। ਜਿਸ ਤਰ੍ਹਾਂ ਦਾ ਮੌਸਮ ਅਜੇ ਹੈ ਅਤੇ ਮੀਂਹ ਪੈ ਰਿਹਾ ਹੈ। ਤਾਪਮਾਨ ਵਿਚ ਵਧੇਰੇ ਕਮੀ ਨਹੀਂ ਹੈ, ਇਸ ਤੋਂ ਉਮੀਦ ਹੈ ਕਿ ਬਾਬਾ ਬਰਫ਼ਾਨੀ ਲੰਮੇ ਸਮੇਂ ਤੱਕ ਪਵਿੱਤਰ ਗੁਫ਼ਾ ਵਿਚ ਬਿਰਾਜਮਾਨ ਰਹਿ ਸਕਦੇ ਹਨ। ਯਾਤਰਾ ਲਈ ਐਡਵਾਂਸ ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਸ਼ੁਰੂ ਹੋ ਸੀ, ਜੋ ਕਿ ਚੱਲ ਰਹੀ ਹੈ।