ਦੇਸ਼ ''ਚ ਟਵਿੱਟਰ ਵਿਰੁੱਧ ਪਹਿਲੀ ਐੱਫ.ਆਈ.ਆਰ.
Thursday, Jun 17, 2021 - 03:29 AM (IST)
ਗਾਜ਼ੀਆਬਾਦ – ਉੱਤਰ ਪ੍ਰਦੇਸ਼ ਦੀ ਪੁਲਸ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪ੍ਰਸਾਰਿਤ ਕਰਨ ਸਬੰਧੀ ਮਾਈਕ੍ਰੋਬਾਲਗਿਗ ਸਾਈਟ ਟਵਿੱਟਰ, ਇਕ ਨਿਊਜ਼ ਪੋਰਟਲ ਅਤੇ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਵੀਡੀਓ ’ਚ ਇਕ ਬਜ਼ੁਰਗ ਮੁਸਲਮਾਨ ਗਾਜ਼ੀਆਬਾਦ ’ਚ ਕੁਝ ਲੋਕਾਂ ਦੇ ਕਥਿਤ ਹਮਲੇ ਪਿਛੋਂ ਆਪਣੀ ਗਾਥਾ ਸੁਣਾਉਂਦਾ ਨਜ਼ਰ ਆਉਂਦਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਵੀਡੀਓ ਫਿਰਕੂ ਖਿਚਾਅ ਪੈਦਾ ਕਰਨ ਲਈ ਸਾਂਝਾ ਕੀਤਾ ਗਿਆ ਸੀ। ਇਹ ਪਹਿਲੀ ਵਾਰ ਹੈ ਕਿ ਟਵਿੱਟਰ ਵਿਰੁੱਧ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਕੋਰੋਨਾ ਦੇ ਸਾਰੇ ਵੇਰੀਐਂਟ ਖ਼ਿਲਾਫ਼ ਖ਼ਤਰਨਾਕ ਹੈ DRDO ਦਾ 'ਹਥਿਆਰ': ਅਧਿਐਨ
ਗਾਜ਼ੀਆਬਾਦ ਦੇ ਲੋਨੀ ਬਾਰਡਰ ਪੁਲਸ ਥਾਣੇ ’ਚ ਇਕ ਸਥਾਨਕ ਪੁਲਸ ਮੁਲਾਜ਼ਮ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਉਸ ਦੇ ਆਧਾਰ ’ਤੇ ਮੰਗਲਵਾਰ ਰਾਤ 11.30 ਵਜੇ ਐੱਫ. ਆਈ. ਆਰ. ਦਰਜ ਕੀਤੀ ਗਈ। ਇਸ ’ਚ ਦੋਸ਼ ਲਾਇਆ ਗਿਆ ਹੈ ਕਿ ਵੀਡੀਓ ਨੂੰ ਫਿਰਕੂ ਸ਼ਾਂਤੀ ਭੜਕਾਉਣ ਦੇ ਇਰਾਦੇ ਨਾਲ ਸਾਂਝਾ ਕੀਤਾ ਗਿਆ ਸੀ। ਪੁਲਸ ਨੇ ਕਲਿਪ ਸਾਂਝੀ ਕਰਨ ਨੂੰ ਲੈ ਕੇ ਟਵਿੱਟਰ ਇੰਕ, ਟਵਿੱਟਰ ਕਮਿਊਨੀਕੇਸ਼ਨਜ਼ ਇੰਡੀਆ, ਸਮਾਚਾਰ ਵੈੱਬਸਾਈਟ ਦੀ ਵਾਇਰ, ਪੱਤਰਕਾਰ ਮੁਹੰਮਦ ਜੁਬੈਰ ਅਤੇ ਰਾਣਾ ਆਯੂਬ, ਕਾਂਗਰਸ ਦੇ ਆਗੂ ਸਲਮਾਨ ਨਿਜ਼ਾਮੀ, ਮਸ਼ਕੂਰ ਉਸਮਾਨੀ, ਡਾ. ਸ਼ਮਾ ਮੁਹੰਮਦ ਅਤੇ ਇਕ ਲੇਖਿਕਾ ਸਬਾ ਨੱਕਵੀ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ।
ਇਹ ਵੀ ਪੜ੍ਹੋ- ਦੇਸ਼ 'ਚ ਆਇਆ ਕੋਰੋਨਾ ਵਾਇਰਸ ਦਾ ਨਵਾਂ 'ਡੈਲਟਾ ਪਲੱਸ' ਵੇਰੀਐਂਟ, ਜਾਣੋਂ ਕਿੰਨਾ ਹੈ ਖ਼ਤਰਨਾਕ
ਐੱਫ. ਆਈ. ਆਰ. ’ਚ ਕਿਹਾ ਗਿਆ ਹੈ ਕਿ ਉਕਤ ਵਿਅਕਤੀਆਂ ਨੇ ਮਾਮਲੇ ਦੀ ਸੱਚਾਈ ਦੀ ਪੁਸ਼ਟੀ ਨਹੀਂ ਕੀਤੀ ਅਤੇ ਜਨਤਕ ਸ਼ਾਂਤੀ ਨੂੰ ਭੰਗ ਕਰਨ ਅਤੇ ਧਾਰਮਿਕ ਗਰੁੱਪਾਂ ਦਰਮਿਆਨ ਫੁੱਟ ਪਾਉਣ ਦੇ ਇਰਾਦੇ ਨਾਲ ਇਸ ਨੂੰ ਫਿਰਕੂ ਰੰਗ ਦੇ ਕੇ ਆਨਲਾਈਨ ਸਾਂਝਾ ਕੀਤਾ। ਇਸ ਤੋਂ ਇਲਾਵਾ ਟਵਿੱਟਰ ਇੰਕ, ਟਵਿੱਟਰ ਕਮਿਊਨੀਕੇਸ਼ਨ ਇੰਡੀਆ ਨੇ ਵੀ ਇਨ੍ਹਾਂ ਟਵੀਟਰਾਂ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ। ਪੁਲਸ ਨੇ ਵੀ ਇਹ ਸਪੱਸ਼ਟ ਕੀਤਾ ਸੀ ਕਿ ਮੁਸਲਮਾਨ ਸੈਫੀ ’ਤੇ ਹਮਲਾ ਕਰਨ ਵਾਲਿਆਂ ’ਚ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਵੀ ਸਨ। ਉਕਤ ਘਟਨਾ ਫਿਰਕੂ ਨਹੀਂ ਸੀ ਸਗੋਂ ਉਨ੍ਹਾ ਦਰਮਿਆਨ ਕਿਸੇ ਨਿੱਜੀ ਵਿਵਾਦ ਦਾ ਸਿੱਟਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।