ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਇਸ ਤਾਰੀਖ਼ ਤੋਂ ਰਵਾਨਾ ਹੋਵੇਗਾ ਸ਼ਰਧਾਲੂਆਂ ਦਾ ਪਹਿਲਾ ਜਥਾ

Saturday, May 14, 2022 - 12:42 PM (IST)

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਇਸ ਤਾਰੀਖ਼ ਤੋਂ ਰਵਾਨਾ ਹੋਵੇਗਾ ਸ਼ਰਧਾਲੂਆਂ ਦਾ ਪਹਿਲਾ ਜਥਾ

ਰਿਸ਼ੀਕੇਸ਼– ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 22 ਮਈ ਤੋਂ ਖੁੱਲ੍ਹਣਗੇ। ਇਸ ਲਈ ਹੇਮਕੁੰਟ ਦੇ ਦਰਸ਼ਨਾਂ ਲਈ ਪਹਿਲਾ ਜਥਾ 19 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ। ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸ਼ਰਧਾਲੂਆਂ ਦੇ ਜਥੇ ਨੂੰ ਰਵਾਨਾ ਕਰਨਗੇ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਮੈਨੇਜਮੈਂਟ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਸ਼ਰਧਾਲੂ ਦਰਸ਼ਨਾਂ ਲਈ ਪਹੁੰਚਣਗੇ।  

ਇਹ ਵੀ ਪੜ੍ਹੋ:- ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ’ਚ ਪਈ ਬਰਫ਼ ਹਟਾਉਣ ਲਈ ਫ਼ੌਜ ਦੀ ਟੁਕੜੀ ਰਵਾਨਾ, ਇਸ ਤਾਰੀਖ ਤੋਂ ਸ਼ੁਰੂ ਹੋਵੇਗੀ ਯਾਤਰਾ

ਨਰਿੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀ ਰਹੀ। ਇਸ ਸਾਲ ਵੱਧ ਤੋਂ ਵੱਧ ਸ਼ਰਧਾਲੂ ਦੇ ਯਾਤਰਾ ’ਤੇ ਆਉਣ ਦੀ ਉਮੀਦ ਹੈ। ਟਰੱਸਟ ਵਲੋਂ ਗੁਰਦੁਆਰਾ ਸਾਹਿਬ ’ਚ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਉਸੇ ਹਿਸਾਬ ਨਾਲ ਇੱਥੇ ਲਕਸ਼ਮਣਝੂਲਾ ਸਥਿਤ ਗੁਰਦੁਆਰੇ ’ਚ ਯਾਤਰੀਆਂ ਦੇ ਠਹਿਰਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਯਾਤਰਾ ਦੇ ਪੈਦਲ ਮਾਰਗ ਨੂੰ ਖੋਲ੍ਹਣ ਦਾ ਕੰਮ ਵੀ ਆਖ਼ਰੀ ਪੜਾਅ ’ਚ ਹੈ। 

ਇਹ ਵੀ ਪੜ੍ਹੋ:-  22 ਮਈ ਤੋਂ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਭਾਰਤੀ ਫ਼ੌਜ ਨੇ ਬਰਫ਼ ਹਟਾ ਕੇ ਰਸਤਾ ਕੀਤਾ ਸਾਫ਼

ਦੱਸ ਦੇਈਏ ਕਿ ਗੜ੍ਹਵਾਲ ਸਥਿਤ ਹਿਮਾਲਿਆ ਦੀਆਂ ਪਹਾੜੀਆਂ ’ਚ 15,200 ਫੁੱਟ ’ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੁੰਦੇ ਹਨ। ਖ਼ਾਸ ਗੱਲ ਇਹ ਹੈ ਕਿ ਰਸਤੇ ’ਚ ਪਈ ਬਰਫ਼ ਨੂੰ ਹਟਾਉਣ ਲਈ ਭਾਰਤੀ ਫ਼ੌਜ ਦੀ ਮਦਦ ਲਈ ਜਾਂਦੀ ਹੈ। ਬੀਤੀ 14 ਅਪ੍ਰੈਲ ਤੋਂ ਭਾਰਤੀ ਫ਼ੌਜ ਦੀ ਟੁੱਕੜੀ ਬਰਫ਼ ਹਟਾਉਣ ਦੇ ਕੰਮ ’ਚ ਜੁੱਟੀ ਹੋਈ ਹੈ।


author

Tanu

Content Editor

Related News