ਚੋਣ ਰੰਜ਼ਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਚਲੀਆਂ ਗੋਲੀਆਂ, 13 ਸਾਲ ਦੇ ਬੱਚੇ ਨੂੰ ਲੱਗੀ ਗੋਲੀ

Monday, Oct 07, 2024 - 12:34 PM (IST)

ਨੂੰਹ- ਵੋਟਾਂ ਦੇ ਇਕ ਦਿਨ ਬਾਅਦ ਯਾਨੀ ਕਿ ਐਤਵਾਰ ਨੂੰ ਚੋਣ ਰੰਜ਼ਿਸ਼ ਨੂੰ ਲੈ ਕੇ ਪੁਨਹਾਣਾ ਦੇ ਜੈਵੰਤ ਪਿੰਡ ਵਿਚ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਝਗੜੇ ਵਿਚ ਜਿੱਥੇ ਪੱਥਰ ਚੱਲੇ, ਉੱਥੇ ਹੀ ਮਕਾਨਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਗੈਰ-ਕਾਨੂੰਨੀ ਹਥਿਆਰਾਂ ਨਾਲ ਫਾਇਰਿੰਗ ਵੀ ਕੀਤੀ ਗਈ। ਇਸ ਦੌਰਾਨ ਗਲੀ 'ਚ ਖੇਡ ਰਹੇ 13 ਸਾਲ ਦੇ ਬੱਚੇ ਨੂੰ ਗੋਲੀ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਗੁਪਤ ਅੰਗ 'ਚ ਗੋਲੀ ਲੱਗੀ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ।  ਉੱਥੇ ਹੀ ਬੱਚੇ ਨੂੰ ਇਲਾਜ ਲਈ ਪੁਨਹਾਨਾ ਕਮਿਊਨਿਟੀ ਸਿਹਤ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਟਰਾਮਾ ਸੈਂਟਰ ਦਿੱਲੀ ਰੈਫ਼ਰ ਕਰ ਦਿੱਤਾ।

ਦੱਸ ਦੇਈਏ ਕਿ ਸ਼ਨੀਵਾਰ ਨੂੰ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਦੀ ਰੰਜ਼ਿਸ਼ ਨੂੰ ਲੈ ਕੇ ਦੋ ਪੱਖਾਂ ਵਿਚਾਲੇ ਝਗੜਾ ਹੋ ਗਿਆ। ਜਿਨ੍ਹਾਂ ਦੋ ਧਿਰਾਂ ਵਿਚ ਝਗੜਾ ਹੋਇਆ ਸੀ, ਉਨ੍ਹਾਂ ਵਿਚੋਂ ਇਕ ਪੁਨਹਾਨਾ ਵਿਧਾਨ ਸਭਾ ਖੇਤਰ ਤੋਂ ਆਜ਼ਾਦ ਉਮੀਦਵਾਰ ਰਹੀਸਾ ਖਾਨ ਦਾ ਅਤੇ ਦੂਜਾ ਕਾਂਗਰਸੀ ਉਮੀਦਵਾਰ ਮੁਹੰਮਦ ਇਲੀਆਸ ਦਾ ਦੱਸਿਆ ਜਾ ਰਿਹਾ ਹੈ। ਪਿੰਡ ਵਿਚ ਹਾਕਮ ਧਿਰ ਅਤੇ ਮੁਬਾਰਕ ਧਿਰ ਵਿਚਾਲੇ ਕਾਫੀ ਲੰਬੇ ਸਮੇਂ ਤੋਂ ਚੋਣ ਰੰਜ਼ਿਸ਼ ਚਲੀ ਆ ਰਹੀ ਹੈ। ਮੁਬਾਰਕ ਧਿਰ ਨੇ ਆਜ਼ਾਦ ਉਮੀਦਵਾਰ ਰਹੀਸਾ ਖਾਨ ਨੂੰ ਸਮਰਥਨ ਦਿੱਤਾ। ਉੱਥੇ ਹੀ ਮੌਜੂਦਾ ਸਰਪੰਚ ਹਾਕਮ ਧਿਰ ਦੇ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਮੁਹੰਮਦ ਇਲੀਆਸ ਦਾ ਸਮਰਥਨ ਕੀਤਾ। ਵੋਟਾਂ ਦੌਰਾਨ ਦੋਹਾਂ ਧਿਰਾਂ ਵਿਚਾਲੇ ਕੁਝ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਨੂੰ ਪੁਲਸ ਨੇ ਸ਼ਾਂਤ ਕਰਵਾ ਦਿੱਤਾ। ਦੂਜੇ ਦਿਨ ਐਤਵਾਰ ਦੀ ਸਵੇਰ ਨੂੰ ਕਿਸੇ ਗੱਲ ਨੂੰ ਲੈ ਕੇ ਦੋਵੇਂ ਧਿਰਾਂ ਦੇ ਲੋਕ ਭਿੜ ਗਏ। 

ਇਸ ਦੌਰਾਨ ਦੋਹਾਂ ਪਾਸਿਓਂ ਪਥਰਾਅ ਹੋਇਆ ਅਤੇ ਜੰਮ ਕੇ ਫਾਇਰਿੰਗ ਹੋਈ। ਇਸ ਘਟਨਾ ਦਾ ਕਿਸੇ ਨੇ ਵੀਡੀਓ ਬਣਾ ਲਈ। ਵੀਡੀਓ ਵਿਚ ਸਾਬਕਾ ਸਰਪੰਚ ਮੁਬਾਰਕ ਦੇ ਮਕਾਨ ਦੀ ਛੱਤ 'ਤੇ ਚੜ੍ਹ ਕੇ ਕੁਝ ਲੋਕ ਪਥਰਾਅ ਕਰ ਰਹੇ ਹਨ ਅਤੇ ਦੋ ਲੋਕ ਬੰਦੂਕਾਂ ਨਾਲ ਫਾਇਰਿੰਗ ਕਰਦੇ ਵੀ ਵੇਖ ਜਾ ਸਕਦੇ ਹਨ। ਫਾਇਰਿੰਗ ਦੌਰਾਨ ਗਲੀ ਵਿਚ ਖੇਡ ਰਹੇ 13 ਸਾਲਾ ਬੱਚੇ ਅਨਸ ਪੁੱਤਰ ਫਾਰੂਕ ਦੇ ਗੁਪਤ ਅੰਗ 'ਚ ਗੋਲੀ ਲੱਗੀ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ 90 ਵਿਧਾਨ ਸਭਾ ਸੀਟਾਂ 'ਤੇ ਸ਼ਨੀਵਾਰ ਯਾਨੀ ਕਿ 5 ਅਕਤੂਬਰ ਨੂੰ ਵੋਟਾਂ ਪਈਆਂ। ਵੋਟਾਂ ਦੀ ਨਤੀਜੇ 8 ਅਕਤੂਬਰ ਨੂੰ ਆਉਣਗੇ।


Tanu

Content Editor

Related News