ਸਿੰਘੂ ਹੱਦ 'ਤੇ ਹੋਈ ਫਾਇਰਿੰਗ, ਬਣਿਆ ਦਹਿਸ਼ਤ ਦਾ ਮਾਹੌਲ

03/08/2021 1:38:15 AM

ਨਵੀਂ ਦਿੱਲੀ - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ 100 ਦਿਨਾਂ ਤੋਂ ਵੱਖ-ਵੱਖ ਸੂਬਿਆਂ ਤੋਂ ਆਏ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। 8 ਮਾਰਚ ਨੂੰ ਕਿਸਾਨ ਜੱਥੇਬੰਦੀਆਂ ਵਲੋਂ ਮਹਿਲਾ ਦਿਵਸ ਮਨਾਇਆ ਜਾਣਾ ਹੈ। ਇਸ ਤੋਂ ਪਹਿਲਾਂ ਹੀ ਸਿੰਘੂ ਹੱਦ 'ਤੇ ਅਣਪਛਾਤੇ ਨੌਜਵਾਨਾਂ ਵਲੋਂ ਫਾਇਰਿੰਗ ਕਰ ਦਿੱਤੀ ਗਈ, ਜਿਸ ਤੋਂ ਬਾਅਦ ਉਥੇ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ 'ਤੇ ਮੌਜੂਦ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਸਿੰਘੂ ਹੱਦ ਤੋਂ 3 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵਲੋਂ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਇਸ ਹਮਲੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 

ਇਹ ਖ਼ਬਰ ਪੜ੍ਹੋ- ਚੀਨੀ ਉਪ ਵਿਦੇਸ਼ ਮੰਤਰੀ ਨੂੰ ਮਿਲੇ ਭਾਰਤੀ ਰਾਜਦੂਤ, ਕਹੀ ਇਹ ਗੱਲ

ਕਿਸਾਨ ਆਗੂ ਹਰਮੀਤ ਨੇ ਦੱਸਿਆ ਕਿ ਜਿੱਥੇ ਪੰਜਾਬ-ਹਰਿਆਣਾ ਦਾ ਸਾਂਝਾ ਲੰਗਰ ਚੱਲਦਾ ਹੈ ਤੇ ਇਥੇ ਸਾਰੇ ਲੰਗਰ ਛੱਕਦੇ ਹਨ। ਉਥੇ 3 ਲੜਕੇ ਆਏ ਜੋ ਕਿ ਔਡੀ ਕਾਰ ਵਿਚ ਸਵਾਰ ਸਨ। ਕਾਰ ਦਾ ਨੰਬਰ ਸੀ.ਐੱਚ.04- 9595 ਦੱਸਿਆ ਜਾ ਰਿਹਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਲੰਗਰ ਖਾਂਦੇ ਹੋਏ ਉਹ ਤਿੰਨੋ ਨੌਜਵਾਨ ਖਹਿਬੜ ਪਏ।  ਕਾਰ ਸਵਾਰ ਨੌਜਵਾਨ ਉਥੋਂ ਚਲੇ ਗਏ ਅਤੇ ਵਾਪਸ ਆ ਕੇ ਉਨ੍ਹਾਂ ਵਲੋਂ ਇਕ ਫਾਇਰ ਲੰਗਰ ਹਾਲ ਨੇੜੇ ਕੀਤਾ ਗਿਆ ਜਦੋਂ ਕਿ ਦੋ ਫਾਇਰ ਅੱਗੇ ਜਾਂਦੇ ਹੋਏ ਕੀਤੇ ਗਏ। 
ਕਿਸਾਨ ਆਗੂ ਨੇ ਦੱਸਿਆ ਕਿ ਸਾਡੀ ਕੋਆਰਡੀਨੇਸ਼ਨ ਕਮੇਟੀ ਵ੍ਹਟਸਐਪ 'ਤੇ ਬਣੀ ਹੋਈ ਹੈ, ਜਿਸ 'ਤੇ ਜਾਣਕਾਰੀ ਪਾਉਣ ਪਿੱਛੋਂ ਅਸੀਂ ਮੌਕੇ 'ਤੇ ਪਹੁੰਚੇ। ਇਸ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਕਿਉਂਕਿ ਇਥੇ ਪੰਜਾਬ-ਹਰਿਆਣਾ ਦੋਹਾਂ ਸੂਬਿਆਂ ਦੇ ਲੋਕ ਇਕੱਠੇ ਹੋਏ ਹਨ ਤੇ ਸਾਡੀ ਸੁਰੱਖਿਆ ਯਕੀਨੀ ਬਣਾਉਣੀ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ। 

ਤੁਹਾਨੂੰ ਦੱਸ ਦਈਏ ਕਿ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ 'ਤੇ ਬੈਠੇ ਕਿਸਾਨਾਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਖ਼ਬਰ ਪੜ੍ਹੋ-  ਉਮਰ ਅਬਦੁੱਲਾ ਨੇ ਸ਼ੁਭੇਂਦੂ ਅਧਿਕਾਰੀ ਦੀ ਕਸ਼ਮੀਰ ਸਬੰਧੀ ਟਿੱਪਣੀ ਦੀ ਕੀਤੀ ਆਲੋਚਨਾ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News