ਕਾਂਗਰਸ ਹੈੱਡਕੁਆਰਟਰ ’ਚ ਸਵੇਰੇ ਚੱਲੇ ਪਟਾਕੇ ਪਰ ਦੁਪਹਿਰ ਪਿੱਛੋਂ ਠੰਢੇ ਹੋ ਗਏ ਪਕੌੜੇ

Tuesday, Oct 08, 2024 - 05:17 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਰਾਜਧਾਨੀ ਦੇ ਲੁਟੀਅਨ ਇਲਾਕੇ ’ਚ 24 ਅਕਬਰ ਰੋਡ ਸਥਿਤ ਕਾਂਗਰਸ ਦੇ ਹੈੱਡਕੁਆਰਟਰ ’ਚ ਮੰਗਲਵਾਰ ਸਵੇਰੇ ਪਟਾਕੇ ਚਲਾਉਣ, ਢੋਲ ਵਜਾਉਣ ਅਤੇ ਜਲੇਬੀਆਂ ਵੰਡਣ ਨਾਲ ਜਸ਼ਨਾਂ ਦੀ ਸ਼ੁਰੂਆਤ ਹੋਈ ਪਰ ਦੁਪਹਿਰ ਵੇਲੇ ਉਕਤ ਸਥਾਨ 'ਤੇ ਸੰਨਾਟਾ ਛਾ ਗਿਆ, ਕਿਉਂਕਿ ਮੁੱਖ ਵਿਰੋਧੀ ਪਾਰਟੀ ਹਰਿਆਣਾ ’ਚ ਜਿੱਤ ਤੋਂ ਹਾਰ ਵੱਲ ਵੱਧ ਰਹੀ ਸੀ। ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ’ਚ ਕਾਂਗਰਸ ਦੀ ਜਿੱਤ ਨੂੰ ਯਕੀਨੀ ਮੰਨ ਰਹੇ ਪਾਰਟੀ ਆਗੂਆਂ ਤੇ ਵਰਕਰਾਂ ਲਈ ਇਹ ਨਤੀਜੇ ਹੈਰਾਨ ਕਰਨ ਵਾਲੇ ਸਨ। ਕੁਝ ਵਰਕਰਾਂ ਲਈ ਇਹ ਸੱਚਾਈ ਹਜ਼ਮ ਕਰਨੀ ਔਖੀ ਸੀ ਕਿ ਕਾਂਗਰਸ ਲਗਾਤਾਰ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਤੋਂ ਹਾਰ ਗਈ ਹੈ।

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਐਲਾਨ: ਦੀਵਾਲੀ ਤੋਂ ਪਹਿਲਾਂ ਅਧਿਆਪਕਾਂ ਨੂੰ ਮਿਲੇਗਾ ਤਰੱਕੀ ਦਾ ਤੋਹਫ਼ਾ

ਵੋਟਾਂ ਦੀ ਗਿਣਤੀ ਦੇ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਜਦੋਂ ਰੁਝਾਨਾਂ ਵਿਚ ਕਾਂਗਰਸ ਹਰਿਆਣਾ ’ਚ ਵੱਡੀ ਲੀਡ ਲੈ ਰਹੀ ਸੀ ਤੇ ਜੰਮੂ-ਕਸ਼ਮੀਰ ਵਿਚ ਆਪਣੀ ਭਾਈਵਾਲ ਨੈਸ਼ਨਲ ਕਾਨਫਰੰਸ ਨਾਲ ਬਹੁਮਤ ਵੱਲ ਵਧਦੀ ਦਿਖਾਈ ਦੇ ਰਹੀ ਸੀ ਤਾਂ ਕਾਂਗਰਸੀ ਵਰਕਰਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਕੁਝ ਵਰਕਰਾਂ ਨੇ ਜੋਸ਼ ’ਚ ਆ ਕੇ ਪਟਾਕੇ ਚਲਾਏ ਤੇ ਕੁਝ ਨੇ ਜਲੇਬੀਆਂ ਵੰਡੀਆਂ। ਫਿਰ ਜਸ਼ਨ ਵਾਲਾ ਮਾਹੌਲ ਬਣ ਗਿਆ। ਹਰਿਆਣਾ ’ਚ ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਦੇ ਜਲੇਬੀਆਂ ਸਬੰਧੀ ਦਿੱਤੇ ਬਿਆਨ ਦੀ ਕਾਫੀ ਚਰਚਾ ਹੋਈ ਸੀ। ਇਸੇ ਪਿਛੋਕੜ ’ਚ ਕਾਂਗਰਸੀ ਵਰਕਰਾਂ ਨੇ ਜਲੇਬੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਵੋਟਾਂ ਦੀ ਗਿਣਤੀ ਤੋਂ ਡੇਢ ਘੰਟੇ ਬਾਅਦ ਜਦੋਂ ਹਰਿਆਣਾ ’ਚ ਰੁਝਾਨ ਬਦਲਣੇ ਸ਼ੁਰੂ ਹੋਏ ਤਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਜੋਸ਼ ਘੱਟ ਹੋਣਾ ਸ਼ੁਰੂ ਹੋ ਗਿਆ। 

ਇਹ ਵੀ ਪੜ੍ਹੋ - ਵੱਡੀ ਖ਼ਬਰ : 7 ਤੋਂ 12 ਅਕਤੂਬਰ ਤੱਕ ਛੁੱਟੀਆਂ! ਸਕੂਲ ਰਹਿਣਗੇ ਬੰਦ

ਕਾਂਗਰਸ ਦੇ ਇਕ ਵਰਕਰ ਜਸਵੰਤ ਕੁਮਾਰ ਨੇ ਕਿਹਾ ਕਿ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਹਰਿਆਣਾ ’ਚ ਅਜਿਹੇ ਨਤੀਜੇ ਆਉਣਗੇ। ਇਹ ਨਤੀਜੇ ਹੈਰਾਨੀਜਨਕ ਹਨ। ਵਰਕਰਾਂ ਲਈ ਇਹ ਬਹੁਤ ਨਿਰਾਸ਼ਾਜਨਕ ਹਨ। ਜਿਵੇਂ-ਜਿਵੇਂ ਕਾਂਗਰਸ ਹੈੱਡਕੁਆਰਟਰ ’ਚ ਵਰਕਰਾਂ ਦਾ ਉਤਸ਼ਾਹ ਠੰਢਾ ਹੁੰਦਾ ਗਿਆ, ਪਾਰਟੀ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਦੇ ਕਮਰੇ ’ਚ ਬੈਠੇ ਕੁਝ ਨੇਤਾਵਾਂ ਦੇ ਚਿਹਰਿਆਂ ’ਤੇ ਵੀ ਨਿਰਾਸ਼ਾ ਦੀਆਂ ਲਕੀਰਾਂ ਸਪੱਸ਼ਟ ਨਜ਼ਰ ਆਉਣ ਲੱਗੀਆਂ। ਦੁਪਹਿਰ 1 ਵਜੇ ਤੱਕ ਕਾਂਗਰਸੀ ਆਗੂ ਇਹ ਉਮੀਦ ਕਰਦੇ ਨਜ਼ਰ ਆ ਰਹੇ ਸਨ ਕਿ ਵੋਟਾਂ ਦੀ ਗਿਣਤੀ ਖ਼ਤਮ ਹੋਣ ਤੱਕ ਪਾਰਟੀ ਹਰਿਆਣਾ ’ਚ 46 ਦੇ ਜਾਦੂਈ ਅੰਕੜੇ ਨੂੰ ਛੂਹ ਲਵੇਗੀ ਪਰ ਅਜਿਹਾ ਨਾ ਹੋ ਸਕਿਆ ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ‘ਦੂਰੀ’ ਵਧਦੀ ਗਈ।

ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ

ਕਾਂਗਰਸ ਦੇ ਹੈੱਡਕੁਆਰਟਰ ’ਚ ਨਿਰਾਸ਼ਾ ਦੇ ਇਸ ਮਾਹੌਲ ਦਰਮਿਆਨ ਪਾਰਟੀ ਦੇ ਇਕ ਅਹੁਦੇਦਾਰ ਨੂੰ ਆਪਣੇ ਸਾਥੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਇਹ ਕਹਿੰਦੇ ਸੁਣਿਆ ਗਿਆ ਕਿ ਹੁਣ ਅਸੀਂ ਮਹਾਰਾਸ਼ਟਰ ਅਤੇ ਝਾਰਖੰਡ ਦੀ ਤਿਆਰੀ ਸ਼ੁਰੂ ਕਰ ਦੇਣੀ ਹੈ। ਚਿੰਤਾ ਨਾ ਕਰੋ। ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਦੀ ਕੰਟੀਨ ’ਚ ਭੀੜ ਤਾਂ ਸੀ ਪਰ ਉੱਥੋਂ ਦੇ ਮਾਹੌਲ ’ਚ ਉਦਾਸੀ ਛਾਈ ਹੋਈ ਸੀ। ਕੰਟੀਨ ’ਚ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ ਤਾਂ ਜੋ ਉਤਸ਼ਾਹੀ ਵਰਕਰ ਉਨ੍ਹਾਂ ਦਾ ਆਨੰਦ ਲੈ ਸਕਣ। ਪਕੌੜੇ ਤਿਆਰ ਕਰ ਕੇ ਕੰਟੀਨ ਦੇ ਮੁੱਖ ਦਰਵਾਜ਼ੇ ’ਤੇ ਰੱਖੇ ਗਏ ਸਨ ਪਰ ਉਥੇ ਖਰੀਦਦਾਰਾਂ ਦੀ ਘਾਟ ਸੀ।

ਇਹ ਵੀ ਪੜ੍ਹੋ - ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵਿਆਹ ਦਾ ਅਨੋਖਾ ਕਾਰਡ, ਦੇਖ ਲੋਕ ਹੋਏ ਹੈਰਾਨ

ਕਾਂਗਰਸ ਦੀ ਕੰਟੀਨ ਵਿਚ ਕੰਮ ਕਰਦੇ ਇਕ ਨੌਜਵਾਨ ਨੇ ਨਿਰਾਸ਼ਾ ਭਰੇ ਲਹਿਜ਼ੇ ਵਿਚ ਕਿਹਾ, ਵੇਖੋ ਹਰਿਆਣਾ ਵਿਚ ਕੀ ਹੋ ਗਿਆ ਹੈ? ਹੁਣ ਇਹ ਪਕੌੜੇ ਕੌਣ ਖਾਏਗਾ? ਇਹ ਠੰਢੇ ਹੋ ਗਏ ਹਨ। ਪਾਰਟੀ ਦੇ ਕੁਝ ਆਗੂ ਹੈੱਡਕੁਆਰਟਰ ਵਿਖੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਤੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਹਰਿਆਣਾ ’ਚ ਹਾਰ ਹੋਈ ਹੈ ਪਰ ਜੰਮੂ-ਕਸ਼ਮੀਰ ’ਚ ਵਿਰੋਧੀ ਗੱਠਜੋੜ ਦੀ ਵੱਡੀ ਜਿੱਤ ਹੋਈ ਹੈ। ਕੁਝ ਕਾਂਗਰਸੀ ਵਰਕਰ ਹਰਿਆਣਾ ਦੇ ਚੋਣ ਨਤੀਜਿਆਂ ਲਈ ਈ. ਵੀ. ਐੱਮ. ਨਾਲ ਸਬੰਧਤ ਖਦਸ਼ਿਆਂ ਬਾਰੇ ਵੀ ਗੱਲ ਕਰਦੇ ਵੇਖੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News