ਰਿਹਾਇਸ਼ੀ ਇਮਾਰਤ ਦੀ 7ਵੀਂ ਮੰਜ਼ਿਲ 'ਤੇ ਲੱਗੀ ਅੱਗ; ਖਿੜਕੀਆਂ 'ਚ ਲਟਕੇ ਲੋਕ, ਫਿਰ...

Saturday, Apr 12, 2025 - 04:09 PM (IST)

ਰਿਹਾਇਸ਼ੀ ਇਮਾਰਤ ਦੀ 7ਵੀਂ ਮੰਜ਼ਿਲ 'ਤੇ ਲੱਗੀ ਅੱਗ; ਖਿੜਕੀਆਂ 'ਚ ਲਟਕੇ ਲੋਕ, ਫਿਰ...

ਅਹਿਮਦਾਬਾਦ- ਇਕ ਉੱਚੀ ਇਮਾਰਤ ਦੀ 7ਵੀਂ ਮੰਜ਼ਿਲ 'ਤੇ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਮੌਕੇ 'ਤੇ ਪਹੁੰਚੀਆਂ 7 ਫਾਇਰ ਬ੍ਰਿਗੇਡ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਇਹ ਘਟਨਾ ਗੁਜਰਾਤ ਦੇ ਅਹਿਮਦਾਬਾਦ ਵਿਚ ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਦੇ ਕਰੀਬ ਵਾਪਰੀ। ਸਥਾਨਕ ਲੋਕਾਂ ਨੇ ਇਕ ਔਰਤ ਅਤੇ ਦੋ ਬੱਚਿਆਂ ਨੂੰ ਬਚਾਇਆ। 

ਇਸ ਘਟਨਾ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇਕ ਔਰਤ ਨੂੰ ਬੱਚੇ ਨੂੰ ਚੌਥੀ ਮੰਜ਼ਿਲ ਤੋਂ ਹਵਾ 'ਚ ਲਟਕਾਉਂਦੇ ਹੋਏ ਵੇਖਿਆ ਜਾ ਸਕਦਾ ਹੈ, ਜੋ ਸੰਘਣੇ ਧੂੰਏਂ ਵਿਚ ਘਿਰਿਆ ਹੋਇਆ ਸੀ। ਜਦੋਂ ਔਰਤ ਨੇ ਮਦਦ ਲਈ ਰੌਲਾ ਪਾਇਆ ਤਾਂ ਤੀਜੀ ਮੰਜ਼ਿਲ 'ਤੇ ਇਕੱਠੇ ਹੋਏ ਕੁਝ ਲੋਕਾਂ ਨੇ ਬੱਚੇ ਨੂੰ ਫੜ ਲਿਆ, ਜੋ ਹਵਾ ਵਿਚ ਲਟਕਿਆ ਹੋਇਆ ਸੀ। ਫਿਰ ਦੂਜੇ ਬੱਚੇ ਦੀ ਵੀ ਇਸੇ ਤਰ੍ਹਾਂ ਮਦਦ ਕੀਤੀ ਗਈ ਅਤੇ ਉਸ ਨੂੰ ਵੀ ਬਚਾਇਆ ਗਿਆ। ਫਿਰ ਔਰਤ ਦੀ ਵਾਰੀ ਆਈ। ਜਦੋਂ ਔਰਤ ਚੌਥੀ ਮੰਜ਼ਿਲ ਤੋਂ ਲਟਕੀ ਹੋਈ ਸੀ, ਤਾਂ ਤੀਜੀ ਮੰਜ਼ਿਲ 'ਤੇ ਸਥਾਨਕ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ।

ਕੁਝ ਲੋਕ ਆਪਣੀਆਂ ਬਾਲਕੋਨੀਆਂ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਵੇਖੇ ਗਏ। ਕੁਝ ਆਪਣੀਆਂ ਖਿੜਕੀਆਂ ਤੋਂ ਮਦਦ ਮੰਗਦੇ ਵੇਖੇ ਗਏ। ਕੁਝ ਲੋਕ ਧੂੰਏਂ ਅਤੇ ਅੱਗ ਤੋਂ ਬਚਣ ਲਈ ਛੱਤ 'ਤੇ ਚੱਲੇ ਗਏ। ਬਹੁਤ ਜ਼ਿਆਦਾ ਧੂੰਆਂ ਹੋਣ ਕਾਰਨ ਪੌੜੀਆਂ ਤੋਂ ਹੇਠਾਂ ਉਤਰਨਾ ਸੰਭਵ ਨਹੀਂ ਸੀ। ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਅੱਗ 'ਤੇ ਕਾਬੂ ਪਾਇਆ। ਛੱਤ 'ਤੇ ਫਸੇ 18 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।


author

Tanu

Content Editor

Related News