ਛੱਤੀਸਗੜ੍ਹ ''ਚ ਵਾਪਰਿਆ ਦਰਦਨਾਕ ਹਾਦਸਾ, ਕਾਰ ''ਚ ਅੱਗ ਲੱਗਣ ਨਾਲ ਜਿਊਂਦੇ ਸੜੇ ਪਰਿਵਾਰ ਦੇ 5 ਜੀਅ
Friday, Apr 22, 2022 - 11:46 AM (IST)

ਰਾਜਨਾਂਦਗਾਂਵ (ਵਾਰਤਾ)- ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ ਦੇ ਠੇਲਕਾਡੀਹ ਥਾਣਾ ਖੇਤਰ 'ਚ ਇਕ ਕਾਰ ਬੇਕਾਬੂ ਹੋ ਕੇ ਪੁਲ ਨਾਲ ਟਕਰਾ ਗਈ, ਜਿਸ ਨਾਲ ਉਸ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਠੇਲਕਾਡੀਹ ਥਾਣਾ ਅਧੀਨ ਆਉਣ ਵਾਲੇ ਪਿੰਡ ਸਿੰਗਾਰਪੁਰ-ਗੋਪਾਲਪੁਰ ਦੇ ਮੱਧ ਇਕ ਕਾਰ ਪੁਲ ਨਾਲ ਟਕਰਾ ਕੇ ਪਲਟ ਗਈ ਅਤੇ ਉਸ 'ਚ ਅੱਗ ਲੱਗ ਗਈ। ਜਿਸ ਨਾਲ ਕਾਰ ਸਵਾਰ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਖੈਰਾਗੜ੍ਹ ਦਾ ਕੋਚਰ ਪਰਿਵਾਰ ਜਿਸ ਦੇ ਮੁਖੀਆ ਸੁਭਾਸ਼ ਚੰਦਰ ਕੋਚਰ (60) ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਵਿਆਹ ਪ੍ਰੋਗਰਾਮ ਤੋਂ ਖੈਰਾਗੜ੍ਹ ਪਰਤ ਰਹੇ ਸਨ। ਉਦੋਂ ਸਿੰਗਾਰਪੁਰ ਗੋਪਾਲਪੁਰ ਕੋਲ ਕਾਰ ਪੁਲ ਨਾਲ ਟਕਰਾ ਕੇ ਪਲਟ ਗਈ ਅਤੇ ਉਸ 'ਚ ਅੱਗ ਲੱਗ ਗਈ। ਹਾਦਸੇ 'ਚ ਕਾਰ ਸਵਾਰ ਸੁਭਾਸ਼ ਚੰਦਰ ਕੋਚਰ, ਉਨ੍ਹਾਂ ਦੀ ਪਤਨੀ ਕਾਂਤੀ ਦੇਵੀ ਅਤੇ ਤਿੰਨ ਬੱਚੇ ਭਾਵਨਾ, ਵਰੀਧੀ ਅਤੇ ਪੂਜਾ ਦੀ ਹਾਦਸੇ ਵਾਲੀ ਜਗ੍ਹਾ ਸੜ ਕੇ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸੂਬੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਹਾਦਸੇ 'ਚ ਪਰਿਵਾਰ ਦੀ ਮੌਤ 'ਤੇ ਦੁਖ਼ ਜਤਾਇਆ ਹੈ ਅਤੇ ਕੋਚਰ ਪਰਿਵਾਰ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ