ਬਾਰਾਬੰਕੀ ’ਚ 2 ਟਰੱਕਾਂ ਦੀ ਟੱਕਰ ਤੋਂ ਬਾਅਦ ਲੱਗੀ ਅੱਗ, ਡਰਾਈਵਰ-ਕੰਡਕਟਰ ਜ਼ਿੰਦਾ ਸੜੇ

Saturday, Nov 28, 2026 - 09:13 PM (IST)

ਬਾਰਾਬੰਕੀ ’ਚ 2 ਟਰੱਕਾਂ ਦੀ ਟੱਕਰ ਤੋਂ ਬਾਅਦ ਲੱਗੀ ਅੱਗ, ਡਰਾਈਵਰ-ਕੰਡਕਟਰ ਜ਼ਿੰਦਾ ਸੜੇ

ਬਾਰਾਬੰਕੀ, (ਇੰਟ.)-ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ ਵਿਚ ਸ਼ਨੀਵਾਰ ਸਵੇਰੇ ਕਿਸਾਨ ਪਥ ’ਤੇ ਭਿਆਨਕ ਸੜਕ ਹਾਦਸੇ ਵਿਚ ਟਰੱਕ ਡਰਾਈਵਰ ਅਤੇ ਕੰਡਕਟਰ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਦਾ ਕੈਬਿਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਅੱਗ ਬੁਝਣ ਤੋਂ ਬਾਅਦ ਉਸ ਵਿਚ ਦੋਵਾਂ ਦੇ ਸਿਰਫ਼ ਪਿੰਜਰ ਮਿਲੇ। ਪੁਲਸ ਅਨੁਸਾਰ, ਮਾਤੀ ਕੋਤਵਾਲੀ ਖੇਤਰ ਵਿਚ ਸਕ੍ਰੈਪ ਨਾਲ ਲੱਦਿਆ ਇਕ ਟਰੱਕ ਅੱਗੇ ਜਾ ਰਹੇ ਦੂਜੇ ਟਰੱਕ ਵਿਚ ਪਿੱਛੋਂ ਜਾ ਵੱਜਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਦੇ ਕੈਬਿਨ ਵਿਚ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਡਰਾਈਵਰ ਤੇ ਕੰਡਕਟਰ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਾਇਰ ਕਰਮੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ। ਸੀ. ਓ. ਸਿਟੀ ਆਫ਼ਤਾਬ ਆਲਮ ਪੁਲਸ ਫੋਰਸ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰਵਾਇਆ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Shubam Kumar

Content Editor

Related News