ਰੋਹਿਤ ਗੋਦਾਰਾ ਦੇ ਨਾਂ ’ਤੇ ਇੰਦੌਰ ਦੇ ਕਾਰੋਬਾਰੀ ਤੋਂ ਮੰਗੀ ਗਈ 10 ਕਰੋੜ ਰੁਪਏ ਦੀ ਫਿਰੌਤੀ ! FIR ਦਰਜ
Monday, Nov 16, 2026 - 05:20 PM (IST)
ਨੈਸ਼ਨਲ ਡੈਸਕ- ਇੰਦੌਰ ਵਿਚ ਇਕ ਵਿਅਕਤੀ ਵੱਲੋਂ ਖੁਦ ਨੂੰ ਬਦਨਾਮ ਗੈਂਗਸਟਰ ਰੋਹਿਤ ਗੋਦਾਰਾ ਦੇ ਗਿਰੋਹ ਦਾ ਮੈਂਬਰ ਦੱਸ ਕੇ ਇਕ ਕਾਰੋਬਾਰੀ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ਾਂ ਹੇਠ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਅਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਸ ਰਾਜੇਸ਼ ਦੰਡੋਤੀਆ ਨੇ ਦੱਸਿਆ,‘‘ਲਸੂੜੀਆ ਥਾਣਾ ਖੇਤਰ ਵਿਚ ਰਹਿਣ ਵਾਲੇ ਕਾਰੋਬਾਰੀ ਸੰਜੇ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਇਕ ਵਿਅਕਤੀ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਫੋਨ ਕਰ ਰਿਹਾ ਹੈ ਅਤੇ ਵੁਆਇਸ ਮੈਸੇਜ ਵੀ ਭੇਜ ਰਿਹਾ ਹੈ।
ਸ਼ਿਕਾਇਤਕਰਤਾ ਮੁਤਾਬਕ ਇਹ ਵਿਅਕਤੀ ਆਪਣੀ ਪਛਾਣ ਸਾਗਰ ਸਿੰਘ ਸ਼ੇਖਾਵਤ ਵਜੋਂ ਦੱਸ ਰਿਹਾ ਹੈ ਅਤੇ ਦਾਅਵਾ ਕਰ ਰਿਹਾ ਹੈ ਕਿ ਉਹ ਰੋਹਿਤ ਗੋਦਾਰਾ ਗਿਰੋਹ ਦਾ ਮੈਂਬਰ ਹੈ। ਉਸ ਨੇ ਕਾਰੋਬਾਰੀ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਇਹ ਰਕਮ ਨਾ ਦੇਣ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ।’’
