ਗਾਇਕਾ ਨੇਹਾ ਸਿੰਘ ਰਾਠੌਰ ਵਿਰੁੱਧ FIR ਰੱਦ ਨਹੀਂ ਹੋਵੇਗੀ, ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ
Tuesday, Oct 14, 2025 - 03:34 AM (IST)

ਨਵੀਂ ਦਿੱਲੀ (ਭਾਸ਼ਾ)- ਪਹਿਲਗਾਮ ਅੱਤਵਾਦੀ ਹਮਲੇ ਬਾਰੇ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ ਪੋਸਟਾਂ ਲਈ ਗਾਇਕਾ ਤੇ ਕਾਰਕੁੰਨ ਨੇਹਾ ਸਿੰਘ ਰਾਠੌਰ ਵਿਰੁੱਧ ਦਰਜ ਐੱਫ. ਆਈ. ਆਰ. ਨੂੰ ਚੁਣੌਤੀ ਦੇਣ ਵਾਲੀ ਉਸ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਸੋਮਵਾਰ ਇਨਕਾਰ ਕਰ ਦਿੱਤਾ ਤੇ ਉਸ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਦਾ ਨਿਰਦੇਸ਼ ਦਿੱਤਾ। ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਮਾਮਲੇ ਦੇ ਗੁਣਾਂ ’ਤੇ ਕੋਈ ਰਾਏ ਨਹੀਂ ਪ੍ਰਗਟ ਕਰ ਰਹੀ।
ਜਸਟਿਸ ਜੇ. ਕੇ. ਮਹੇਸ਼ਵਰੀ ਤੇ ਵਿਜੇ ਬਿਸ਼ਨੋਈ ਦੇ ਬੈਂਚ ਨੇ ਕਿਹਾ ਕਿ ਉਹ ਇਸ ਪੜਾਅ ’ਤੇ ‘ਦੇਸ਼ਧ੍ਰੋਹ ਦੇ ਦੋਸ਼ਾਂ’ (ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਲਈ ਖ਼ਤਰਾ) ਦੇ ਮੁੱਦੇ ’ਚ ਦਖਲ ਨਹੀਂ ਦੇ ਰਹੀ। ਸੁਪਰੀਮ ਕੋਰਟ ਨੇ ਉਸ ਨੂੰ ਦੋਸ਼ ਤੈਅ ਕਰਦੇ ਸਮੇਂ ਇਨ੍ਹਾਂ ਮੁੱਦਿਆਂ ਨੂੰ ਉਠਾਉਣ ਦੀ ਆਜ਼ਾਦੀ ਵੀ ਦਿੱਤੀ। ਗਾਇਕਾ ਨੇ ਇਲਾਹਾਬਾਦ ਹਾਈ ਕੋਰਟ ਵੱਲੋਂ 19 ਸਤੰਬਰ ਦੀ ਐੱਫ. ਆਈ. ਆਰ. ਨੂੰ ਰੱਦ ਕਰਨ ਤੋਂ ਇਨਕਾਰ ਕਰਨ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਸੀ।
ਐੱਫ. ਆਈ. ਆਰ. ’ਚ ਰਾਠੌਰ ’ਤੇ ਇਕ ਖਾਸ ਧਾਰਮਿਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਤੇ ਦੇਸ਼ ਦੀ ਏਕਤਾ ਨੂੰ ਖਤਰੇ ’ਚ ਪਾਉਣ ਦਾ ਦੋਸ਼ ਲਾਇਆ ਗਿਆ ਹੈ। ਉਸ ਨੇ ਅਪ੍ਰੈਲ ਦੇ ਆਖਰੀ ਹਫ਼ਤੇ ਹਜ਼ਰਤਗੰਜ ਪੁਲਸ ਸਟੇਸ਼ਨ ’ਚ ਅਭੈ ਪ੍ਰਤਾਪ ਸਿੰਘ ਨਾਂ ਦੇ ਇਕ ਵਿਅਕਤੀ ਵੱਲੋਂ ਆਪਣੇ ਵਿਰੁੱਧ ਦਰਜ ਐੱਫ. ਆਈ. ਆਰ. ਨੂੰ ਚੁਣੌਤੀ ਦਿੱਤੀ ਸੀ।