ਟਰੰਪ ਸਰਕਾਰ ਨੇ 91 ਦੇਸ਼ਾਂ ''ਤੇ ਚਲਾਈ ''ਕੈਂਚੀ'' ! 99 ਫ਼ੀਸਦੀ ਤੱਕ ਡਿੱਗੀ ਵੀਜ਼ਿਆਂ ਦੀ ਗਿਣਤੀ
Tuesday, Oct 20, 2026 - 02:16 PM (IST)
ਇੰਟਰਨੈਸ਼ਨਲ ਡੈਸਕ- ਪ੍ਰਵਾਸੀਆਂ ਖ਼ਿਲਾਫ਼ ਟਰੰਪ ਪ੍ਰਸ਼ਾਸਨ ਦੀ ਅਗਵਾਈ ਵਾਲੀ ਅਮਰੀਕੀ ਸਰਕਾਰ ਲਗਾਤਾਰ ਸਖ਼ਤ ਰੁਖ਼ ਅਖ਼ਤਿਆਰ ਕਰਦੀ ਜਾ ਰਹੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ 'ਚ ਵੀਜ਼ਾ ਨਿਯਮਾਂ 'ਚ ਕੀਤੀਆਂ ਗਈਆਂ ਸਖ਼ਤੀਆਂ ਤੋਂ ਬਾਅਦ ਅਮਰੀਕਾ 'ਚ ਕਾਨੂੰਨੀ ਇਮੀਗ੍ਰੇਸ਼ਨ 'ਚ 50 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ, ਅਮਰੀਕੀ ਵਿਦੇਸ਼ ਮੰਤਰਾਲੇ ਨੇ ਫਰਵਰੀ 2026 'ਚ ਸਿਰਫ਼ 26,000 ਇਮੀਗ੍ਰੈਂਟ ਵੀਜ਼ੇ ਜਾਰੀ ਕੀਤੇ, ਜਦਕਿ ਇਸ ਤੋਂ ਪਹਿਲਾਂ ਇਹ ਗਿਣਤੀ ਹਰ ਮਹੀਨੇ ਕਰੀਬ 52,000 ਸੀ।
ਅਮਰੀਕਾ ਦੀਆਂ ਨਵੀਆਂ ਵੀਜ਼ਾ ਪਾਬੰਦੀਆਂ ਦਾ ਸਿੱਧਾ ਅਸਰ 91 ਦੇਸ਼ਾਂ ਦੇ ਇਮੀਗ੍ਰੇਸ਼ਨ 'ਤੇ ਪਿਆ ਹੈ, ਜਿਨ੍ਹਾਂ 'ਚ ਭਾਰਤ, ਦੱਖਣੀ ਏਸ਼ੀਆ ਅਤੇ ਅਫ਼ਰੀਕੀ ਦੇਸ਼ ਵੀ ਸ਼ਾਮਲ ਹਨ। 2023-24 ਦੇ ਮੁਕਾਬਲੇ ਫਰਵਰੀ 2026 'ਚ ਸੈਂਟਰਲ ਏਸ਼ੀਆ ਤੋਂ ਵੀਜ਼ਾ ਜਾਰੀ ਕਰਨ 'ਚ 99 ਫ਼ੀਸਦੀ, ਅਫ਼ਰੀਕਾ 'ਚ 89 ਫ਼ੀਸਦੀ, ਪੂਰਬੀ ਯੂਰਪ 'ਚ 84 ਫ਼ੀਸਦੀ, ਮਿਡਲ ਈਸਟ 'ਚ 81 ਫ਼ੀਸਦੀ ਅਤੇ ਭਾਰਤ ਸਣੇ ਦੱਖਣੀ ਏਸ਼ੀਆ 'ਚ 63 ਫ਼ੀਸਦੀ ਦੀ ਵੱਡੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ- 'ਤਬਾਹ ਹੋ ਜਾਵੇਗਾ ਪੂਰਾ ਯੂਰਪ..!' ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੇ'ਤੀ Warning
ਇਸ ਤੋਂ ਇਲਾਵਾ ਜਨਵਰੀ 2026 'ਚ ਲਗਾਈਆਂ ਗਈਆਂ ਪਾਬੰਦੀਆਂ ਤਹਿਤ 39 ਦੇਸ਼ਾਂ ਦੇ ਨਾਗਰਿਕਾਂ 'ਤੇ ਅਮਰੀਕਾ ਆਉਣ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ, ਜਦਕਿ 52 ਹੋਰ ਦੇਸ਼ਾਂ ਲਈ ਇਮੀਗ੍ਰੈਂਟ ਵੀਜ਼ੇ 'ਤੇ ਅਸਥਾਈ ਰੋਕ ਲਗਾਈ ਗਈ। ਇਸ ਤੋਂ ਇਲਾਵਾ 'ਡਾਇਵਰਸਿਟੀ ਵੀਜ਼ਾ ਪ੍ਰੋਗਰਾਮ' ਤੇ Lottery Visa ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਹਾਲਾਂਕਿ ਭਾਰਤ ਅਤੇ ਚੀਨ 'ਤੇ ਟ੍ਰੈਵਲ ਬੈਨ ਸ਼ਾਮਲ ਨਹੀਂ ਹੈ, ਪਰ ਨਵੇਂ ਰੈਗੂਲੇਟਰੀ ਨਿਯਮਾਂ ਅਤੇ ਵਾਧੂ ਫੀਸਾਂ ਕਾਰਨ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੇ ਵੀਜ਼ਾ ਜਾਰੀ ਹੋਣ ਦੀ ਰਫ਼ਤਾਰ 'ਚ 30 ਫ਼ੀਸਦੀ ਤੱਕ ਦੀ ਕਮੀ ਆਈ ਹੈ। ਟੂਰਿਸਟ ਤੇ ਬਿਜ਼ਨਸ ਵੀਜ਼ੇ ਵੀ 25 ਫ਼ੀਸਦੀ ਘੱਟ ਜਾਰੀ ਕੀਤੇ ਗਏ ਹਨ।
ਇਸ ਸਭ ਦੇ ਉਲਟ ਕੈਨੇਡਾ ਅਤੇ ਮੈਕਸੀਕੋ ਤੋਂ ਇਮੀਗ੍ਰੈਂਟ ਵੀਜ਼ਿਆਂ 'ਚ 142 ਫ਼ੀਸਦੀ ਅਤੇ 17 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਫਰਵਰੀ 'ਚ ਜਾਰੀ ਕੀਤੇ ਗਏ ਕੁੱਲ ਵੀਜ਼ਿਆਂ 'ਚੋਂ 30 ਫ਼ੀਸਦੀ ਇਕੱਲੇ ਇਨ੍ਹਾਂ ਦੋਵਾਂ ਗੁਆਂਢੀ ਦੇਸ਼ਾਂ ਦੇ ਸਨ।
ਅਦਾਲਤਾਂ 'ਚ ਇਨ੍ਹਾਂ ਪਾਬੰਦੀਆਂ ਖ਼ਿਲਾਫ਼ ਪਾਈਆਂ ਗਈਆਂ ਪਟੀਸ਼ਨਾਂ 'ਤੇ ਸੁਣਵਾਈ ਤੋਂ ਬਾਅਦ ਅਗਸਤ ਦੇ ਅੰਤ ਤੱਕ ਅਮਰੀਕੀ ਫੈਡਰਲ ਅਦਾਲਤਾਂ ਨੇ ਸਰਕਾਰ ਨੂੰ ਵੀਜ਼ਾ ਪ੍ਰਕਿਰਿਆ ਦੁਬਾਰਾ ਸ਼ੁਰੂ ਕਰਨ ਦੇ ਹੁਕਮ ਦਿੱਤੇ ਸਨ, ਪਰ ਪ੍ਰਸ਼ਾਸਨ ਦੀਆਂ ਸਖ਼ਤ ਸਕ੍ਰੀਨਿੰਗ ਸ਼ਰਤਾਂ ਕਾਰਨ ਵੀਜ਼ਾ ਜਾਰੀ ਹੋਣ ਦੀ ਰਫ਼ਤਾਰ ਅਜੇ ਵੀ ਬਹੁਤ ਮੱਠੀ ਬਣੀ ਹੋਈ ਹੈ।
ਇਹ ਵੀ ਪੜ੍ਹੋ- ਕੈਨੇਡਾ 'ਚ ਪੰਜਾਬੀਆਂ ਦਾ ਇਕ ਹੋਰ ਕਾਰਾ ! ਪੁਲਸ ਨੇ ਗ੍ਰਿਫ਼ਤਾਰ ਕਰ ਜਾਰੀ ਕੀਤੀਆਂ ਤਸਵੀਰਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
