ਅਚਾਨਕ ਚੀਨ ਜਾ ਪਹੁੰਚੇ ਕਿਮ ਜੋਂਗ ! ਅਮਰੀਕਾ ਸਣੇ ਕਈ ਦੇਸ਼ਾਂ ''ਚ ਮਚੀ ਤੜਥੱਲੀ
Saturday, Oct 24, 2026 - 05:18 PM (IST)
ਇੰਟਰਨੈਸ਼ਨਲ ਡੈਸਕ- ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਆਗੂ ਕਿਮ ਜੋਂਗ ਉਨ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਅਚਾਨਕ ਚੀਨ ਦੇ ਦੌਰੇ 'ਤੇ ਪਹੁੰਚੇ ਹਨ। ਦੱਖਣੀ ਕੋਰੀਆਈ ਸਰਕਾਰ ਅਤੇ ਖੁਫੀਆ ਏਜੰਸੀਆਂ ਅਨੁਸਾਰ, ਕਿਮ ਜੋਂਗ ਉਨ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ 'ਨਿਊ ਯਾਲੂ ਰਿਵਰ ਬ੍ਰਿਜ' ਰਾਹੀਂ ਸਰਹੱਦੀ ਸ਼ਹਿਰ ਡਾਂਡੋਂਗ ਪਹੁੰਚੇ।
ਇਹ ਦੌਰਾ ਚੀਨ ਵੱਲੋਂ ਕੋਰੀਅਨ ਜੰਗ 'ਚ ਆਪਣੀ ਪਹਿਲੀ ਵੱਡੀ ਜਿੱਤ ਦੀ ਵਰ੍ਹੇਗੰਢ ਤੋਂ ਠੀਕ ਇੱਕ ਦਿਨ ਪਹਿਲਾਂ ਹੋਇਆ ਹੈ। ਡਾਂਡੋਂਗ 'ਚ ਚੀਨੀ ਪ੍ਰਧਾਨ ਮੰਤਰੀ ਲੀ ਚਿਆਂਗ ਨੇ ਉੱਤਰੀ ਕੋਰੀਆਈ ਲੀਡਰ ਦਾ ਸੁਆਗਤ ਕੀਤਾ ਅਤੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ।
ਚੀਨ ਦੇ ਡਾਂਡੋਂਗ ਅਤੇ ਉੱਤਰੀ ਕੋਰੀਆ ਦੇ ਸਿਨੁਈਜੂ ਸ਼ਹਿਰਾਂ ਨੂੰ ਜੋੜਨ ਵਾਲਾ 3 ਕਿਲੋਮੀਟਰ ਲੰਬਾ 'ਨਿਊ ਯਾਲੂ ਰਿਵਰ ਬ੍ਰਿਜ' 15 ਅਕਤੂਬਰ 2026 ਨੂੰ ਹੀ ਆਵਾਜਾਈ ਲਈ ਖੋਲ੍ਹਿਆ ਗਿਆ ਸੀ। ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਵਪਾਰਕ ਸਾਂਝ ਨੂੰ ਮੁੜ ਲੀਹ 'ਤੇ ਲਿਆਉਣ ਲਈ ਇਹ ਪੁਲ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।
ਕਿਮ ਜੋਂਗ ਦੇ ਇਸ ਅਚਾਨਕ ਚੀਨ ਦੌਰੇ ਨਾਲ ਦੁਨੀਆ ਦੇ ਕਈ ਦੇਸ਼ਾਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿਕ ਗਈਆਂ ਹਨ। ਅਮਰੀਕਾ, ਜਾਪਾਨ, ਦੱਖਣੀ ਕੋਰੀਆ ਸਣੇ ਕਈ ਦੇਸ਼ ਇਸ ਦੌਰੇ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਕਿ ਆਖ਼ਿਰ ਕਿਮ ਦੇ ਇਸ ਦੌਰੇ ਦਾ ਮਕਸਦ ਕੀ ਹੈ।
ਜ਼ਿਕਰਯੋਗ ਹੈ ਕਿ ਕਿਮ ਜੋਂਗ ਦਾ ਇਹ 2011 ਤੋਂ ਬਾਅਦ 6ਵਾਂ ਚੀਨ ਦੌਰਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੂਟਨੀਤਕ ਗੱਲਬਾਤ ਠੱਪ ਹੋਣ ਤੋਂ ਬਾਅਦ ਕਿਮ ਨੇ ਅਮਰੀਕਾ ਖ਼ਿਲਾਫ਼ ਚੀਨ ਤੇ ਰੂਸ ਨਾਲ ਆਪਣੀ ਸਾਂਝ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਹੈ। ਕਿਮ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮਦਦ ਲਈ ਹਜ਼ਾਰਾਂ ਉੱਤਰੀ ਕੋਰੀਆਈ ਫੌਜੀ ਅਤੇ ਹਥਿਆਰ ਭੇਜੇ ਸਨ। ਹੁਣ ਰੂਸ ਤੋਂ ਬਾਅਦ ਕਿਮ ਆਪਣੇ ਸਭ ਤੋਂ ਵੱਡੇ ਆਰਥਿਕ ਮਦਦਗਾਰ ਚੀਨ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ।
