ਵਿੱਤ ਮੰਤਰਾਲਾ ਨੂੰ ਚੌਥਾ ਮਾਲੀਆ ਸਕੱਤਰ ਮਿਲਿਆ, ਇਕ ਸਾਲ ’ਚ ਤੀਜੇ ਵਿੱਤ ਸਕੱਤਰ ਦੀ ਉਡੀਕ
Saturday, Mar 01, 2025 - 09:27 PM (IST)

ਨੈਸ਼ਨਲ ਡੈਸਕ- ਜਦੋਂ ਕਿ ਸੰਸਦ ਦੇ ਬਜਟ ਸੈਸ਼ਨ ਦੀ ਅਜੇ ‘ਬਰੇਕ’ ਚੱਲ ਰਹੀ ਹੈ, ਮਾਲ ਵਿਭਾਗ ਨੂੰ ਇਕ ਹੀ ਵਿੱਤੀ ਸਾਲ ਅੰਦਰ ਅਜੇ ਸੇਠ ਦੇ ਰੂਪ ’ਚ ਆਪਣਾ ਚੌਥਾ ਸਕੱਤਰ ਮਿਲਿਆ ਹੈ ਜੋ 1987 ਬੈਚ ਦੇ ਕਰਨਾਟਕ ਕੇਡਰ ਦੇ ਆਈ. ਏ. ਐੱਸ. ਅਧਿਕਾਰੀ ਹਨ। ਉਨ੍ਹਾਂ ਨੂੰ ਇਹ ਵਾਧੂ ਚਾਰਜ ਮਿਲਿਆ ਹੈ ਕਿਉਂਕਿ ਉਹ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵੀ ਹਨ।
ਤੁਹਿਨ ਕਾਂਤਾ ਪਾਂਡੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਮਾਲ ਸਕੱਤਰ ਦਾ ਅਹੁਦਾ ਖਾਲੀ ਹੋ ਗਿਆ ਸੀ। ਕੇਂਦਰੀ ਵਿੱਤ ਸਕੱਤਰ ਪਾਂਡੇ ਜੋ 1987 ਬੈਚ ਦੇ ਓਡਿਸ਼ਾ ਕੇਡਰ ਦੇ ਆਈ. ਏ. ਐੱਸ. ਅਫਸਰ ਹਨ, ਨੂੰ ‘ਸੇਬੀ’ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ।
ਸੱਤਾ ਦੇ ਗਲਿਆਰਿਆਂ ’ਚ ਇਹ ਚਰਚਾ ਹੈ ਕਿ ਵਿੱਤ ਵਰਗੇ ਅਹਿਮ ਖੇਤਰ ਨੂੰ ਸੰਭਾਲਣ ਵਾਲੇ ਢਾਂਚੇ ’ਚ ਕੁਝ ਗੰਭੀਰ ਗੜਬੜ ਹੈ। ਮੌਜੂਦਾ ਵਿੱਤੀ ਸਾਲ ’ਚ ਚੌਥੇ ਮਾਲ ਸਕੱਤਰ ਦੀ ਨਿਯੁਕਤੀ ਯਕੀਨੀ ਹੈ। ਅਗਸਤ, 2024 ’ਚ ਡਾ. ਟੀ. ਵੀ. ਸੋਮਨਾਥਨ ਜੋ ਤਾਮਿਲਨਾਡੂ ਦੇ 1987 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ, ਦੇ ਕੈਬਨਿਟ ਸਕੱਤਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ 8 ਸਤੰਬਰ, 2024 ਨੂੰ ਤੁਹਿਨ ਕਾਂਤਾ ਪਾਂਡੇ ਨੂੰ ਨਵਾਂ ਵਿੱਤ ਸਕੱਤਰ ਬਣਾਇਆ ਗਿਆ ਸੀ। ਹੁਣ ‘ਸੇਬੀ’ ਦੇ ਮੁਖੀ ਵਜੋਂ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਇਕ ਹੋਰ ਵਿੱਤ ਸਕੱਤਰ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਅਜੇ ਸੇਠ ਨੂੰ ਮੌਜੂਦਾ ਵਿੱਤੀ ਸਾਲ ’ਚ ਤੀਜੇ ਵਿੱਤ ਸਕੱਤਰ ਵਜੋਂ ਨਾਮਜ਼ਦ ਕੀਤਾ ਜਾ ਸਕਦਾ ਹੈ।
ਸੰਜੇ ਮਲਹੋਤਰਾ ਜੋ ਰਾਜਸਥਾਨ ਦੇ 1990 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ, ਦੇ ਆਰ. ਬੀ. ਆਈ. ਦੇ ਗਵਰਨਰ ਵਜੋਂ ਨਿਯੁਕਤ ਹੋਣ ਤੋਂ ਬਾਅਦ 21 ਦਸੰਬਰ, 2024 ਨੂੰ ਡੀ. ਈ. ਏ. ਦੇ ਸਕੱਤਰ ਸੇਠ ਨੂੰ ਮਾਲ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ। 2 ਹਫ਼ਤਿਆਂ ਅੰਦਰ ਅਰੁਣੀਸ਼ ਚਾਵਲਾ ਜੋ ਬਿਹਾਰ ਦੇ 1992 ਬੈਚ ਦੇ ਆਈ. ਏ. ਐੱਸ ਅਧਿਕਾਰੀ ਹਨ, ਨੂੰ 25 ਦਸੰਬਰ 2024 ਨੂੰ ਮਾਲ ਸਕੱਤਰ ਨਿਯੁਕਤ ਕੀਤਾ ਗਿਆ ਸੀ।
ਇਕ ਹੋਰ ਹੈਰਾਨੀਜਨਕ ਫੈਸਲਾ ਉਦੋਂ ਵੇਖਣ ਨੂੰ ਮਿਲਿਆ ਜਦੋਂ ਕੇਂਦਰ ਨੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕੀਤਾ ਅਤੇ 8 ਜਨਵਰੀ, 2025 ਨੂੰ ਪਾਂਡੇ ਨੂੰ ਨਵਾਂ ਮਾਲ ਸਕੱਤਰ ਨਿਯੁਕਤ ਕੀਤਾ। ਹੁਣ ਆਉਣ ਵਾਲੇ ਦਿਨਾਂ ’ਚ ਤੀਜੇ ਵਿੱਤ ਸਕੱਤਰ ਦੀ ਨਿਯੁਕਤੀ ਕੀਤੀ ਜਾਵੇਗੀ।