ਸਕਾਰਪੀਓ ਸਵਾਰ ਬਦਮਾਸ਼ਾਂ ਨੇ ਬਰਾਤੀਆਂ ''ਤੇ ਅੰਨ੍ਹੇਵਾਹ ਵਰ੍ਹਾਈਆਂ ਗੋਲੀਆਂ, ਫਾਈਨੈਂਸਰ ਦਾ ਕਤਲ
Saturday, Dec 07, 2024 - 02:34 PM (IST)
ਰੋਹਤਕ- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਕਿਲੋਈ ਵਿਚ ਬਰਾਤੀਆਂ 'ਤੇ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ 'ਚ ਬਰਾਤ ਵਿਚ ਆਏ ਝੱਜਰ ਦੇ ਇਕ ਫਾਈਨੈਂਸਰ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਘਟਨਾ ਪਿੱਛੇ ਹਿਮਾਂਸ਼ੂ ਭਾਊ ਗੈਂਗ ਦਾ ਨਾਂ ਆਇਆ ਸਾਹਮਣੇ
ਮ੍ਰਿਤਕ ਦੀ ਪਛਾਣ ਝੱਜਰ ਜ਼ਿਲ੍ਹੇ ਦੇ ਰਹਿਣ ਵਾਲੇ ਮਨਜੀਤ ਵਜੋਂ ਹੋਈ ਹੈ। ਗੋਲੀ ਲੱਗਣ ਨਾਲ ਪਿੰਡ ਬਾਲਮ ਦਾ ਰਹਿਣ ਵਾਲਾ ਮਨਦੀਪ ਜ਼ਖ਼ਮੀ ਹੋ ਗਿਆ। ਮ੍ਰਿਤਕ ਮਨਜੀਤ ਨੂੰ 7-8 ਗੋਲੀਆਂ ਲੱਗੀਆਂ, ਜਦਕਿ ਮਨਦੀਪ ਨੂੰ ਇਕ ਗੋਲੀ ਲੱਗੀ। ਮਨਜੀਤ ਫਾਈਨੈਂਸ ਦਾ ਕੰਮ ਕਰਦਾ ਸੀ ਅਤੇ ਦਿੱਲੀ ਪੁਲਸ ਵਿਚ ਕਾਂਸਟੇਬਲ ਵੀ ਰਹਿ ਚੁੱਕਾ ਹੈ। ਇਸ ਘਟਨਾ ਪਿੱਛੇ ਹਿਮਾਂਸ਼ੂ ਭਾਊ ਗੈਂਗ ਦਾ ਨਾਂ ਵੀ ਸਾਹਮਣੇ ਆਇਆ ਹੈ।
ਪੈਲਸ ਦੇ ਬਾਹਰ ਗੋਲੀਬਾਰੀ
ਦੱਸ ਦੇਈਏ ਕਿ ਰੋਹਤਕ ਦੇ ਕਿਲੋਈ ਪਿੰਡ 'ਚ ਸ਼ੁੱਕਰਵਾਰ ਨੂੰ ਵਿਆਹ ਸਮਾਗਮ ਸੀ। ਇਸ ਦੌਰਾਨ ਰਾਤ ਨੂੰ ਬਰਾਤ ਆਈ ਹੋਈ ਸੀ। ਇਸ ਬਰਾਤ 'ਚ ਝੱਜਰ ਦੇ ਪਿੰਡ ਡੀਘਲ ਵਾਸੀ ਮਨਜੀਤ ਅਤੇ ਪਿੰਡ ਬਾਲਮ ਵਾਸੀ ਮਨਦੀਪ ਵੀ ਆਏ ਹੋਏ ਸਨ। ਇਹ ਵਿਆਹ ਸਮਾਰੋਹ ਜਿਸ ਪੈਲਸ ਵਿਚ ਚੱਲ ਰਿਹਾ ਸੀ, ਉਸ ਦੇ ਬਾਹਰ ਵਾਪਰੀ। ਜਦੋਂ ਮਨਜੀਤ ਅਤੇ ਮਨਦੀਪ ਪੈਲਸ ਦੇ ਬਾਹਰ ਮੌਜੂਦ ਸਨ ਤਾਂ ਹਥਿਆਰਬੰਦ ਬਦਮਾਸ਼ ਸਕਾਰਪੀਓ ਵਿਚ ਸਵਾਰ ਹੋ ਕੇ ਆਏ। ਜਿਸ ਨੇ ਆਉਂਦੇ ਹੀ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿਚ ਜ਼ਖਮੀ ਮਨਜੀਤ ਅਤੇ ਮਨਦੀਪ ਨੂੰ ਇਲਾਜ ਲਈ ਰੋਹਤਕ ਪੀ. ਜੀ. ਆਈ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਮਨਜੀਤ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਮਨਦੀਪ ਦਾ ਇਲਾਜ ਚੱਲ ਰਿਹਾ ਹੈ।