ਹੱਥ ’ਤੇ ਸੁਸਾਈਡ ਨੋਟ ਲਿਖ ਕੇ ਮਹਿਲਾ ਡਾਕਟਰ ਨੇ ਕੀਤੀ ਆਤਮਹੱਤਿਆ
Friday, Oct 24, 2025 - 10:35 PM (IST)
ਪੁਣੇ-ਮਹਾਰਾਸ਼ਟਰ ਦੇ ਸਤਾਰਾ ਜ਼ਿਲੇ ’ਚ ਇਕ ਸਰਕਾਰੀ ਹਸਪਤਾਲ ਦੀ ਇਕ ਮਹਿਲਾ ਡਾਕਟਰ ਨੇ ਕਥਿਤ ਤੌਰ ’ਤੇ ਆਤਮਹੱਤਿਆ ਕਰ ਲਈ। ਪੁਲਸ ਨੇ ਦੱਸਿਆ ਕਿ ਡਾਕਟਰ ਨੇ ਆਪਣੇ ਹੱਥ ’ਤੇ ਇਕ ਕਥਿਤ ‘ਸੁਸਾਈਡ ਨੋਟ’ ਛੱਡਿਆ ਹੈ, ਜਿਸ ’ਚ ਉਸ ਨੇ ਪੁਲਸ ਦੇ ਇਕ ਸਬ ਇੰਸਪੈਕਟਰ ’ਤੇ ਜਬਰ-ਜ਼ਨਾਹ ਅਤੇ ਇਕ ਹੋਰ ਪੁਲਸ ਮੁਲਾਜ਼ਮ ਪ੍ਰਸ਼ਾਂਤ ਬਾਂਕਰ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਹੋਟਲ ਦੇ ਇਕ ਕਮਰੇ ’ਚ ਇਹ ਮਹਿਲਾ ਡਾਕਟਰ ਦੀ ਲਾਸ਼ ਫਾਹੇ ਨਾਲ ਲਮਕੀ ਮਿਲੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਮ੍ਰਿਤਕਾ ਬੀੜ ਜ਼ਿਲੇ ਦੀ ਰਹਿਣ ਵਾਲੀ ਸੀ ਅਤੇ ਫਲਟਨ ਤਹਿਸੀਲ ਦੇ ਇਕ ਸਰਕਾਰੀ ਹਸਪਤਾਲ ’ਚ ਤਾਇਨਾਤ ਸੀ।
ਇਸ ਮਾਮਲੇ ’ਚ ਨੋਟਿਸ ਲੈਂਦਿਆਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਤਾਰਾ ਦੇ ਪੁਲਸ ਸੁਪਰਡੈਂਟ ਨਾਲ ਗੱਲ ਕੀਤੀ ਅਤੇ ਹੁਕਮ ਦਿੱਤਾ ਕਿ ਮਹਿਲਾ ਡਾਕਟਰ ਨੇ ‘ਸੁਸਾਈਡ ਨੋਟ’ ’ਚ ਜਿਨ੍ਹਾਂ ਪੁਲਸ ਅਧਿਕਾਰੀਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਡਾਕਟਰ ਨੇ ਆਪਣੀ ਹਥੇਲੀ ’ਤੇ ਲਿਖੇ ‘ਸੁਸਾਈਡ ਨੋਟ’ ’ਚ ਕਿਹਾ ਕਿ ਪੁਲਸ ਦੇ ਸਬ ਇੰਸਪੈਕਟਰ ਗੋਪਾਲ ਬਦਾਨੇ ਨੇ ਕਈ ਮੌਕਿਆਂ ’ਤੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਹੋਰ ਪੁਲਸ ਮੁਲਾਜ਼ਮ ਪ੍ਰਸ਼ਾਂਤ ਬਾਂਕਰ ਨੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ।
