ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਆਉਣ ਵਾਲੇ ਦਿਨਾਂ 'ਚ ਕਿਹਾ ਜਿਹਾ ਰਹੇਗਾ ਮੌਸਮ
Wednesday, Feb 07, 2024 - 10:01 PM (IST)
ਨਵੀਂ ਦਿੱਲੀ- ਫਰਵਰੀ ਦੇ ਮਹੀਨੇ ਦੀ ਸ਼ੁਰੂਆਤ ਹੁੰਦੇ ਹੀ ਜਿੱਥੇ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਡ ਤੋਂ ਥੋੜੀ ਰਾਹਤ ਮਿਲੀ, ਉਥੇ ਹੀ ਆਉਣ ਵਾਲੇ ਦਿਨਾਂ 'ਚ ਇਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਰਿਪੋਰਟ ਮੁਤਾਬਕ, ਅਗਲੇ ਦੋ-ਤਿੰਨ ਦਿਨਾਂ 'ਚ ਬਾਰਿਸ਼ ਹੋ ਸਕਦੀ ਹੈ। ਇਕ ਅਨੁਮਾਨ ਮੁਤਾਬਕ, ਬੁੱਧਵਾਰ ਨੂੰ ਵੀ ਬਾਰਿਸ਼ ਅਤੇ ਬੂੰਦਾਬਾਂਦੀ ਦਾ ਅਨੁਮਾਨ ਸੀ ਪਰ ਸਵੇਰੇ ਧੁੱਪ ਨਿਕਲ ਆਈ। ਮੌਸਮ ਦੇ ਜਾਣਕਾਰਾਂ ਮੁਤਾਬਕ, ਅਜੇ ਦੋ-ਤਿੰਨ ਦਿਨ ਬਾਰਿਸ਼ ਜਾਂ ਬੂੰਦਾਬਾਂਦੀ ਦੇ ਆਸਾਰ ਬਣ ਰਹੇ ਹਨ। ਬੱਦਲ ਵੀ ਛਾਏ ਰਹਿ ਸਕਦੇ ਹਨ। ਹਾਲਾਂਕਿ, ਅਗਲੇ ਹਫਤੇ ਤੋਂ ਮੌਸਮ ਸਾਫ ਹੋ ਸਕਦਾ ਹੈ ਜਿਸਤੋਂ ਬਾਅਦ ਤਾਪਮਾਨ 'ਚ ਵਾਧਾ ਦਰਜ ਕੀਤਾ ਜਾਂਦਾ ਰਹੇਗਾ।
ਇਹ ਵੀ ਪੜ੍ਹੋ- ਆਪਣੇ ਗੁਰੂ ਆਸ਼ੂਤੋਸ਼ ਮਹਾਰਾਜ ਨੂੰ ਜਗਾਉਣ ਲਈ ਸਾਧਵੀ ਨੇ ਲੈ ਲਈ ਸਮਾਧੀ, ਲੋਕਾਂ ਨੇ ਦੱਸਿਆ ਪਖੰਡ
ਇਨ੍ਹਾਂ ਸੂਬਿਆਂ 'ਚ ਹੋਵੇਗੀ ਬਾਰਿਸ਼
ਮੌਸਮ ਵਿਭਾਗ ਮੁਤਾਬਕ, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਸਿੱਕਮ, ਅਸਾਮ, ਮੇਘਾਲਿਆ, ਨਾਗਾਲੈਂਡ, ਮਿਜ਼ੋਰਮ, ਮਣੀਪੁਰ, ਤ੍ਰਿਪੁਰਾ 'ਚ 7 ਅਤੇ 8 ਫਰਵਰੀ ਨੂੰ ਹਲਕੀ ਤੋਂ ਮੱਧਮ ਬਾਰਿਸ਼ ਹੋਵੇਗੀ। ਇਸਤੋਂ ਇਲਾਵਾ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਰਾਜਸਥਾਨ 'ਚ ਬੁੱਧਵਾਰ ਨੂੰ ਹਲਕੀ ਬਾਰਿਸ਼ ਅਤੇ ਬਰਫਬਾਰੀ ਦਾ ਅਲਰਟ ਹੈ। ਉਥੇ ਹੀ ਮੱਧ ਭਾਰਤ 'ਚ ਵੀ 9 ਤੋਂ 12 ਫਰਵਰੀ ਵਿਚਕਾਰ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਇਸਤੋਂ ਇਲਾਵਾ ਅਗਲੇ ਦੋ ਦਿਨਾਂ ਤਕ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।
ਮੌਸਮ ਵਿਭਾਗ ਮੁਤਾਬਕ, ਮੱਧ ਪ੍ਰਦੇਸ਼ 'ਚ 8 ਫਰਵਰੀ, ਅਸਾਮ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ 'ਚ 8 ਅਤੇ 9 ਫਰਵਰੀ, ਪੱਛਮੀ ਬੰਗਾਲ, ਸਿੱਕਮ 'ਚ 9 ਅਤੇ 10 ਫਰਵਰੀ ਨੂੰ ਸੰਘਣੀ ਧੁੰਦ ਛਾਈ ਰਹੇਗੀ।
ਇਹ ਵੀ ਪੜ੍ਹੋ- ਪਤਨੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਪਤੀ, ਇੱਕਠਿਆਂ ਬਲੀਆਂ ਦੋਵਾਂ ਦੀਆਂ ਚਿਖ਼ਾਵਾਂ