ਫਰਵਰੀ ਮਹੀਨੇ ''ਚ ਟੁੱਟੇ ਗਰਮੀ ਦੇ ਪਿਛਲੇ ਸਾਰੇ ਰਿਕਾਰਡ, ਆਮ ਨਾਲੋਂ ਘੱਟ ਪਿਆ ਮੀਂਹ
Monday, Mar 06, 2023 - 03:32 PM (IST)
ਨਵੀਂ ਦਿੱਲੀ- ਫਰਵਰੀ 2023 'ਚ ਗਰਮੀ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਦੇ ਅੰਕੜਿਆਂ ਮੁਤਾਬਕ 1901 ਮਗਰੋਂ ਹੁਣ ਤੱਕ ਫਰਵਰੀ 'ਚ ਇੰਨੀ ਗਰਮੀ ਨਹੀਂ ਪਈ, ਜਿੰਨੀ ਇਸ ਸਾਲ ਪਈ ਹੈ। ਵਿਭਾਗ ਮੁਤਾਬਕ ਫਰਵਰੀ 2023 ਵਿਚ ਔਸਤ ਵੱਧ ਤੋਂ ਵੱਧ ਤਾਪਮਾਨ 29.54 ਡਿਗਰੀ ਸੈਲਸੀਅਸ ਰਿਹਾ, ਜੋ ਕਿ 1901 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ।
ਇਸ ਦੇ ਪਿੱਛੇ ਦੀ ਵਜ੍ਹਾ ਘੱਟ ਮੀਂਹ ਦਾ ਪੈਣਾ। IMD ਮੁਤਾਬਕ ਫਰਵਰੀ ਵਿਚ ਮੀਂਹ ਬਹੁਤ ਹੀ ਘੱਟ ਪਿਆ। ਮੱਧ ਭਾਰਤ ਦੇ ਸਮਰੂਪ ਖੇਤਰ 'ਚ ਮੀਂਹ 1901 ਤੋਂ ਬਾਅਦ ਸਭ ਤੋਂ ਘੱਟ ਦਰਜ ਕੀਤਾ ਗਿਆ। ਮੱਧ ਭਾਰਤ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਸਮੇਤ ਉੱਤਰ-ਪੱਛਮੀ ਭਾਰਤ 'ਚ ਫਰਵਰੀ ਮਹੀਨੇ ਚ 76 ਫੀਸਦੀ ਘੱਟ ਮੀਂਹ ਪਿਆ।
ਓਧਰ ਖੇਤੀ ਮਾਹਰਾਂ ਦਾ ਮੰਨਣਾ ਹੈ ਕਿ ਹਾੜ੍ਹੀ ਦੀਆਂ ਫ਼ਸਲਾਂ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਵਿਚ ਸਰਦੀਆਂ 'ਚ ਮੀਂਹ ਪੈਣਾ ਬਹੁਤ ਜ਼ਰੂਰੀ ਹੈ। ਪਾਣੀ ਦੇ ਪ੍ਰਬੰਧਨ ਲਈ ਵੀ ਮੀਂਹ ਬਹੁਤ ਜ਼ਰੂਰੀ ਹੈ। ਮੌਸਮ ਵਿਭਾਗ ਮੁਤਾਬਕ ਮਾਰਚ ਤੋਂ ਮਈ ਦੌਰਾਨ ਪੂਰਬ-ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ, ਪੂਰਬ ਅਤੇ ਮੱਧ ਭਾਰਤ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿਚ ਵੱਧ ਤਾਪਮਾਨ ਦੇ ਆਮ ਨਾਲੋਂ ਵੱਧ ਰਹਿਣ ਦਾ ਅਨੁਮਾਨ ਹੈ। ਮਾਰਚ 2023 ਦੌਰਾਨ ਮੱਧ ਭਾਰਤ ਵਿਚ ਹੀ ਲੂ ਚੱਲਣ ਦੀ ਸੰਭਾਵਨਾ ਹੈ।