ਦਰਜੀ ਕਤਲਕਾਂਡ ’ਤੇ ਆਲਾ ਹਜ਼ਰਤ ਦਾ ਫ਼ਤਵਾ- ਕਾਨੂੰਨ ਹੱਥ ’ਚ ਲੈਣ ਵਾਲਾ ਗੁਨਾਹਗਾਰ

Thursday, Jul 07, 2022 - 11:06 AM (IST)

ਨੈਸ਼ਨਲ ਡੈਸਕ- ਕਾਨੂੰਨ ਹੱਥ ’ਚ ਲੈ ਕੇ ਕਿਸੇ ਦਾ ਕਤਲ ਕਰਨਾ ਨਾਜਾਇਜ਼ ਹੈ ਅਤੇ ਅਜਿਹਾ ਕਰਨ ਵਾਲਾ ਸ਼ਰੀਅਤ ਮੁਤਾਬਕ ਸਖ਼ਤ ਸਜ਼ਾ ਦਾ ਹੱਕਦਾਰ ਹੈ। ਫਿਰ ਚਾਹੇ ਮਾਮਲਾ ਪੈਗੰਬਰ ਇਸਲਾਮ ਖ਼ਿਲਾਫ ਗੁਸਤਾਖ਼ੀ ਦਾ ਹੀ ਕਿਉਂ ਨਾ ਹੋਵੇ। ਸੁੰਨੀ ਵਿਚਾਰਧਾਰਾ ਦੇ ਸਭ ਤੋਂ ਵੱਡੇ ਧਰਮ ਗੁਰੂ ਮੰਨੇ ਜਾਣ ਵਾਲੇ ਆਲਾ ਹਜ਼ਰਤ ਦਾ 1906 ’ਚ ਦਿੱਤਾ ਇਹ ਫ਼ਤਵਾ ‘ਮਹਿਨਾਮਾ’ ਆਲਾ ਹਜ਼ਰਤ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਦਰਅਸਲ ਉਦੈਪੁਰ ’ਚ ਦਰਜੀ ਕਨ੍ਹਈਆ ਲਾਲ ਦੇ ਕਤਲ ਮਗਰੋਂ ਇਹ ਫ਼ਤਵਾ ਜਾਰੀ ਕੀਤਾ ਗਿਆ ਹੈ। ਦਰਗਾਹ ਆਲਾ ਹਜ਼ਰਤ ਵਲੋਂ ਹਰ ਮਹੀਨੇ ਮਹਿਨਾਮਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਜਿਸ ਦੇ ਸੰਪਾਦਕ ਦਰਗਾਹ ਮੌਲਾਨਾ ਸੁਬਹਾਨ ਰਜ਼ਾ ਖ਼ਾਨ ਉਰਫ਼ ਸੁਬਹਾਨੀ ਮੀਆਂ ਹਨ। ਜੁਲਾਈ ਮਹੀਨੇ ਦੇ ਮਹਿਨਾਮਾ ’ਚ ਆਲਾ ਹਜ਼ਰਤ ਦੇ ਫ਼ਤਵੇ ਨੂੰ ਮੁਫ਼ਤੀ ਸਲੀਮ ਨੂਰੀ ਨੇ ਲੇਖਬੱਧ ਕੀਤਾ ਹੈ।

ਇਹ ਵੀ ਪੜ੍ਹੋ– ਦਰਜੀ ਕਤਲਕਾਂਡ ’ਚ ਵੱਡਾ ਖ਼ੁਲਾਸਾ; ਪਾਕਿਸਤਾਨੀ ਸੰਗਠਨ ‘ਦਾਵਤ-ਏ-ਇਸਲਾਮੀ’ ਨਾਲ ਲਿੰਕ

ਫਤਵੇ ਵਿਚ ਕੀ ਹੈ-

ਇਸ ਫਤਵੇ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਅਲਾ ਹਜ਼ਰਤ ਇਮਾਮ ਅਹਿਮਦ ਰਜ਼ਾ ਖਾਨ ਫਾਜ਼ਿਲੇ ਬਰੇਲਵੀ ਦੀ 1906 'ਚ ਹੱਜ ਯਾਤਰਾ ਦੌਰਾਨ ਅਰਬ ਲੋਕਾਂ ਨੇ ਇਹ ਸਵਾਲ ਕਰਦੇ ਹੋਏ ਫ਼ਤਵਾ ਮੰਗਿਆ ਸੀ ਕਿ ਕੀ ਕਿਸੇ ਗੁਸਤਾਖੇ ਰਸੂਲ ਨੂੰ ਮਾਰਿਆ ਜਾਣਾ ਚਾਹੀਦਾ ਹੈ। ਅਲਾ ਹਜ਼ਰਤ ਨੇ ਸ਼ਰੀਅਤ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਨਾਜਾਇਜ਼ ਕਿਹਾ ਸੀ। ਫਤਵੇ 'ਚ ਕਿਹਾ ਗਿਆ ਸੀ ਕਿ ਕਿਸੇ ਵੀ ਇਸਲਾਮਿਕ ਜਾਂ ਗੈਰ-ਇਸਲਾਮਿਕ ਦੇਸ਼ 'ਚ ਅਜਿਹੇ ਸ਼ਖ਼ਸ ਨੂੰ ਸਜ਼ਾ ਦੇਣ ਦਾ ਅਧਿਕਾਰ ਸਿਰਫ ਉਸ ਦੇਸ਼ ਦੇ ਬਾਦਸ਼ਾਹ ਜਾਂ ਅਦਾਲਤ ਨੂੰ ਹੈ। ਅਲਾ ਹਜ਼ਰਤ ਦੇ ਫਤਵੇ 'ਤੇ ਆਧਾਰਿਤ 'ਮਹਿਨਾਮਾ' ਵਿਚ ਪ੍ਰਕਾਸ਼ਿਤ ਲੇਖ ਵਿਚ ਲਿਖਿਆ ਗਿਆ ਸੀ ਕਿ ਬਾਹਰੀ ਨਾਅਰਿਆਂ ਅਤੇ ਖ਼ੌਫ਼ਨਾਕ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਇਹ ਮੰਨਣਾ ਨਾਜਾਇਜ਼ ਹੈ ਕਿ ਪੈਗੰਬਰ ਦੀ ਸ਼ਾਨ ’ਚ ਗੁਸਤਾਖ਼ੀ ਕਰਨ ਵਾਲਿਆਂ ਦਾ ਸਿਰ ਤਨ ਤੋਂ ਜੁਦਾ ਕਰਨਾ ਇਸਲਾਮੀ ਨਜ਼ਰੀਏ ਤੋਂ ਸਹੀ ਹੈ। ਇਹ ਜ਼ੁਰਮ ਹੈ ਅਤੇ ਅਜਿਹਾ ਕੋਈ ਵੀ ਸ਼ਖ਼ਸ ਸ਼ਰੀਅਤ ਦੇ ਹਿਸਾਬ ਨਾਲ ਗੁਨਾਹਗਾਰ ਹੈ, ਜਿਸ ਨੂੰ ਅਦਾਲਤ ਤੋਂ ਸਜ਼ਾ ਮਿਲਣੀ ਚਾਹੀਦੀ ਹੈ। 

ਇਹ ਵੀ ਪੜ੍ਹੋ– NIA ਨੇ ਦਰਜੀ ਕਤਲਕਾਂਡ ’ਚ UAPA ਤਹਿਤ ਮਾਮਲਾ ਕੀਤਾ ਦਰਜ, ਦੋਸ਼ੀਆਂ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ

ਦੋਸ਼ ਦੇ ਜ਼ੁਰਮ ਨਾਲ ਨਫ਼ਰਤ ਕਰੋ-

ਆਲਾ ਹਜ਼ਰਤ ਦੇ ਫਤਵੇ ’ਚ ਕਿਹਾ ਗਿਆ ਹੈ ਕਿ ਲੋਕਤੰਤਰੀ ਦੇਸ਼ਾਂ ’ਚ ਹਰ ਕਿਸੇ ਦੀ ਜ਼ਿੰਮੇਵਾਰੀ ਹੈ ਕਿ ਉਹ ਦੋਸ਼ੀ ਦੇ ਜ਼ੁਰਮ ਨਾਲ ਨਫ਼ਰਤ ਕਰੇ ਨਾ ਕਿ ਉਸ ਸ਼ਖ਼ਸ ਨਾਲ। ਕਿਸੇ ਇਸਲਾਮਿਕ ਦੇਸ਼ ’ਚ ਜਿੱਥੇ ਈਸ਼ਨਿੰਦਾ ਦੀ ਸਜ਼ਾ ਮੌਤ ਹੈ, ਉੱਥੇ ਵੀ ਕੋਈ ਆਮ ਆਦਮੀ ਕਿਸੇ ਦੀ ਜਾਨ ਲਵੇ ਤਾਂ ਉਸ ਨੂੰ ਕਾਤਲ ਅਤੇ ਗੁਨਾਹਗਾਰ ਮੰਨਿਆ ਜਾਣਾ ਚਾਹੀਦਾ ਹੈ। ਉਸ ਨੂੰ ਹਕੂਮਤ ਅਤੇ ਅਦਾਲਤ ਵਲੋਂ ਸਜ਼ਾ ਮਿਲਣੀ ਚਾਹੀਦੀ ਹੈ। ਮੁਫ਼ਤੀ ਸਲੀਮ ਨੂਰੀ ਨੇ ਲੇਖ ’ਚ ਲਿਖਿਆ ਕਿ ਸਿਰ ਧੜ ਨਾਲੋਂ ਵੱਖ ਦੇ ਨਾਅਹੇ ਦਾ ਇਸਲਾਮ ਨਾਲ ਕੋਈ ਸਬੰਧ ਨਹੀਂ ਹੈ। ਆਲਾ ਹਜ਼ਰਤ ਨੂੰ ਸ਼ਾਂਤੀ ਅਤੇ ਸੁੰਨੀਅਤ ਦਾ ਪੈਰੋਕਾਰ ਦੱਸਿਆ ਗਿਆ ਹੈ। 

ਇਹ ਵੀ ਪੜ੍ਹੋ- ਦਰਜੀ ਕਤਲਕਾਂਡ: ਅਦਾਲਤ ’ਚ ਪੇਸ਼ੀ ਮਗਰੋਂ ਭੀੜ ਵਲੋਂ ਦੋਸ਼ੀਆਂ ਦੀ ਕੁੱਟਮਾਰ

ਦੱਸ ਦਈਏ ਕਿ ਬਰੇਲੀ ਦੇ ਉਲੇਮਾ ਨੇ ਕਨ੍ਹਈਆ ਲਾਲ ਦੀ ਹੱਤਿਆ 'ਤੇ ਸਖ਼ਤ ਰੁਖ਼ ਅਪਣਾਇਆ ਹੈ। ਤਨਜ਼ੀਮ ਉਲੇਮਾ-ਏ-ਇਸਲਾਮ ਨੇ ਇਸ ਸਬੰਧੀ ਮੀਟਿੰਗ ਕੀਤੀ ਅਤੇ ਇਸ ਘਟਨਾ ਦੇ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਇਹ ਫਤਵਾ ਜਾਰੀ ਕੀਤਾ। ਫਤਵਾ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਇਹ ਘਟਨਾ ਇਸਲਾਮ ਧਰਮ ਦੇ ਨਾਂ 'ਤੇ ਕੀਤੀ ਗਈ ਹੈ, ਇਸ ਲਈ ਇਸਲਾਮ ਧਰਮ ਦੇ ਨੇਤਾਵਾਂ ਨੇ ਅੱਗੇ ਆ ਕੇ ਇਹ ਫਤਵਾ ਪ੍ਰਕਾਸ਼ਿਤ ਕੀਤਾ ਤਾਂ ਜੋ ਲੋਕਾਂ ਨੂੰ ਦੱਸਿਆ ਜਾਵੇ ਕਿ ਇਸਲਾਮ 'ਚ ਹਿੰਸਾ ਦੀ ਕੋਈ ਥਾਂ ਨਹੀਂ ਹੈ।
 


Tanu

Content Editor

Related News