ਸਹੁਰੇ ਪੱਖ ਨੇ ਵਿਆਹੁਤਾ ਨਾਲ ਕੀਤੀ ਕੁੱਟਮਾਰ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

Monday, Oct 14, 2024 - 03:34 PM (IST)

ਚਰਖੀ ਦਾਦਰੀ- ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਹੜੌਦਾ ਕਲਾਂ 'ਚ ਇਕ ਵਿਆਹੁਤਾ ਨਾਲ ਉਸ ਦੇ ਪਤੀ ਸਮੇਤ ਸਹੁਰੇ ਪੱਖ ਦੇ ਲੋਕਾਂ ਵਲੋਂ ਹਮਲਾ ਕਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਸਹੁਰੇ ਪੱਖ ਦੇ ਲੋਕਾਂ 'ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਔਰਤ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੀੜਤਾ ਸੋਨੀਆ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਵਿਆਹ ਜੂਨ 2023 ਵਿਚ ਹੜੌਦਾ ਕਲਾਂ ਵਾਸੀ ਪ੍ਰਸ਼ਾਂਤ ਨਾਲ ਹੋਇਆ ਸੀ। ਬੀਤੇ ਕੁਝ ਸਮੇਂ ਤੋਂ ਪਤੀ ਅਤੇ ਸਹੁਰੇ ਪੱਖ ਦੇ ਲੋਕਾਂ ਨਾਲ ਉਸ ਦੀ ਅਣਬਣ ਚੱਲ ਰਹੀ ਸੀ। ਉਹ ਆਪਣੇ ਪੇਕੇ ਘਰ ਚੱਲੀ ਗਈ ਸੀ। ਸ਼ਨੀਵਾਰ ਸ਼ਾਮ ਨੂੰ ਉਹ ਆਪਣੀ ਭੈਣ ਪ੍ਰਿਅੰਕਾ ਨਾਲ ਆਪਣੇ ਪੇਕੇ ਪਿੰਡ ਤਾਲੂ ਤੋਂ ਹੜੌਦਾ ਕਲਾਂ ਆਈ ਸੀ ਪਰ ਉਸ ਦੇ ਸਹੁਰੇ ਪੱਖ ਦੇ ਲੋਕਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਸ ਨੇ ਦਰਵਾਜ਼ਾ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਤਾਂ ਸਹੁਰੇ ਪੱਖ ਦੇ ਲੋਕਾਂ ਨੇ ਡਾਇਲ 112 'ਤੇ ਕਾਲ ਕਰ ਦਿੱਤੀ।

ਉਸ ਦੌਰਾਨ ਉਸ ਨੇ ਵੀ ਡਾਇਲ 112 'ਤੇ ਕਾਲ ਕੀਤੀ, ਜਿਸ ਤੋਂ ਬਾਅਦ ਟੀਮ ਮੌਕੇ 'ਤੇ ਪਹੁੰਚੀ। ਉਸ ਦੇ ਕੁਝ ਦੇਰ ਬਾਅਦ ਪੁਲਸ ਪਹੁੰਚੀ। ਦੋਹਾਂ ਪੱਖਾਂ ਨੂੰ ਪੁਲਸ ਥਾਣੇ ਬੁਲਾਇਆ ਗਿਆ, ਜਿੱਥੇ ਦੋਹਾਂ ਪੱਖਾਂ ਨੂੰ ਸ਼ਾਂਤੀ ਨਾਲ ਰਹਿਣ ਦੀ ਗੱਲ ਆਖੀ ਗਈ। ਬਾਅਦ ਵਿਚ ਦੇਰ ਸ਼ਾਮ ਜਦੋਂ ਉਹ ਘਰ ਪਹੁੰਚੀ ਤਾਂ ਘਰ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਪਤੀ, ਦਿਓਰ, ਜੇਠ, ਸੱਸ, ਸਹੁਰੇ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। 

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਬਾਅਦ ਵਿਚ ਉਹ ਹੜੌਦੀ ਦੇ ਸਰਕਾਰੀ ਹਸਪਤਾਲ ਵਿਚ ਪਹੁੰਚੀ ਤਾਂ ਉੱਥੇ ਉਸ ਨੂੰ ਦਾਖ਼ਲ ਨਹੀਂ ਕੀਤਾ ਗਿਆ ਅਤੇ ਨਾ ਹੀ ਦਾਦਰੀ ਜਾਣ ਲਈ ਐਂਬੂਲੈਂਸ ਮੁਹੱਈਆ ਕਰਵਾਈ ਗਈ। ਬਾਅਦ ਵਿਚ ਉਹ ਚਰਖੀ ਦਾਦਰੀ ਦੇ ਸਿਵਲ ਹਸਪਤਾਲ ਪਹੁੰਚੀ ਅਤੇ ਪੁਲਸ ਨੂੰ ਆਪਣੇ ਬਿਆਨ ਦਰਜ ਕਰਵਾਏ। ਜਾਂਚ ਅਧਿਕਾਰੀ ਦੇਵੇਂਦਰ ਨੇ ਦੱਸਿਆ ਕਿ ਔਰਤ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਨਿਯਮ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।


Tanu

Content Editor

Related News