ਫਰੂਖਾਬਾਦ ਬੰਧਕ ਮਾਮਲਾ : ਮਾਰੇ ਗਏ ਦੋਸ਼ੀਆਂ ਦੀ ਬੇਟੀ ਨੂੰ IPS ਬਣਾਉਣਗੇ IG ਅਗਰਵਾਲ

02/03/2020 2:38:55 PM

ਲਖਨਊ— ਫਰੂਖਾਬਾਦ 'ਚ ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਦੋਸ਼ੀ ਪਤੀ-ਪਤਨੀ ਸੁਭਾਸ਼ ਬਾਥਮ ਅਤੇ ਰੂਬੀ ਦੀ ਇਕ ਸਾਲ ਦੀ ਅਨਾਥ ਬੱਚੀ ਦੀ ਸਿੱਖਿਆ ਦਾ ਪੂਰਾ ਖਰਚ ਚੁੱਕਣ ਅਤੇ ਉਸ ਨੂੰ ਆਪਣੀ ਹੀ ਤਰ੍ਹਾਂ ਆਈ.ਪੀ.ਐੱਸ. ਅਧਿਕਾਰੀ ਬਣਾਉਣ ਦੀ ਗੱਲ ਕਾਨਪੁਰ ਰੇਂਜ ਦੇ ਪੁਲਸ ਇੰਸਪੈਕਟਰ ਜਨਰਲ ਨੇ ਕਹੀ ਹੈ। ਫਰੂਖਾਬਾਦ 'ਚ ਵੀਰਵਾਰ (30 ਜਨਵਰੀ) ਨੂੰ ਬੇਟੀ ਦੇ ਜਨਮ ਦਿਨ ਦੀ ਪਾਰਟੀ ਦੇ ਨਾਂ 'ਤੇ 23 ਬੱਚਿਆਂ ਨੂੰ ਘਰ ਬੁਲਾ ਕੇ ਬੰਧਕ ਬਣਾਉਣ ਵਾਲੇ ਬਾਥਮ ਨੂੰ ਪੁਲਸ ਨੇ ਕਰੀਬ 11 ਘੰਟੇ ਲੰਬੀ ਮੁਹਿੰਮ ਤੋਂ ਬਾਅਦ ਮੁਕਾਬਲੇ 'ਚ ਮਾਰ ਦਿੱਤਾ ਸੀ। ਉਸੇ ਦੌਰਾਨ ਦੌੜਨ ਦੀ ਕੋਸ਼ਿਸ਼ ਕਰ ਰਹੀ ਰੂਬੀ ਪਿੰਡ ਵਾਸੀਆਂ ਦੇ ਹੱਥ ਲੱਗ ਗਈ, ਜਿਨ੍ਹਾਂ ਦੀ ਕੁੱਟਮਾਰ ਨਾਲ ਉਸ ਦੀ ਮੌਤ ਹੋ ਗਈ। ਮੁਹਿੰਮ 'ਚ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਹੈ। ਬਾਥਮ ਅਤੇ ਰੂਬੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਗੌਰੀ ਦੀ ਪੂਰੀ ਜ਼ਿੰਮੇਵਾਰੀ ਕਾਨਪੁਰ ਰੇਂਜ ਦੇ ਆਈ.ਜੀ. ਮੋਹਿਤ ਅਗਰਵਾਲ ਨੇ ਚੁੱਕਣ ਦਾ ਫੈਸਲਾ ਕੀਤਾ ਹੈ।

ਅਗਰਵਾਲ ਨੇ ਕਿਹਾ,''ਇਸ ਅਨਾਥ ਬੱਚੀ ਦੀ ਮਾਸੂਮੀਅਤ ਦੇਖ ਕੇ ਪੁਲਸ ਵਿਭਾਗ ਦਾ ਦਿਲ ਪਸੀਜ ਗਿਆ। ਬੱਚੀ ਨੂੰ ਫਿਲਹਾਲ ਅਸੀਂ ਫਰੂਖਾਬਾਦ ਦੀ ਇਕ ਮਹਿਲਾ ਪੁਲਸ ਕਰਮਚਾਰੀ ਰਜਨੀ ਕੋਲ ਰੱਖਿਆ ਹੈ। ਉਸ ਦੀ ਚੰਗੀ ਦੇਖਭਾਲ ਹੋ ਰਹੀ ਹੈ।'' ਉਨ੍ਹਾਂ ਨੇ ਕਿਹਾ,''ਮੇਰੀ ਇੱਛਾ ਹੈ ਕਿ ਬੱਚੀ ਨੂੰ ਮੈਂ ਆਪਣੀ ਤਰ੍ਹਾਂ ਇਕ ਆਈ.ਪੀ.ਐੱਸ. ਅਫ਼ਸਰ ਬਣਾਵਾਂ। ਮੈਂ ਬੈਂਕ 'ਚ ਇਕ ਖਾਤਾ ਖੁੱਲ੍ਹਵਾ ਰਿਹਾ ਹਾਂ, ਜਿਸ 'ਚ ਮੈਂ ਹਮੇਸ਼ਾ ਪੈਸਾ ਪਾਉਂਦਾ ਰਹਾਂਗਾ ਤਾਂਕਿ ਗੌਰੀ ਦੀ ਸਿੱਖਿਆ ਅਤੇ ਪਾਲਣ-ਪੋਸ਼ਣ 'ਚ ਕੋਈ ਪਰੇਸ਼ਾਨੀ ਨਾ ਆਏ।'' ਅਗਰਵਾਲ ਨੇ ਕਿਹਾ ਕਿ ਗੌਰੀ ਨੂੰ ਗੋਦ ਲੈਣ ਲਈ ਦੇਸ਼-ਵਿਦੇਸ਼ ਤੋਂ ਕਈ ਲੋਕਾਂ ਨੇ ਸੰਪਰਕ ਕੀਤਾ ਹੈ ਪਰ ਅਸੀਂ ਪੂਰੀ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੇ ਬਿਨਾਂ ਉਸ ਨੂੰ ਕਿਸੇ ਨੂੰ ਨਹੀਂ ਦੇ ਸਕਦੇ ਹਾਂ।'' ਜੇਕਰ ਕੋਈ ਪਰਿਵਾਰ ਉਸ ਨੂੰ ਗੋਦ ਲੈਂਦਾ ਵੀ ਹੈ ਤਾਂ ਮੈਂ ਉਸ ਦੇ ਪਾਲਣ-ਪੋਸ਼ਣ 'ਤੇ ਵਿਅਕਤੀਗੱਤ ਰੂਪ ਨਾਲ ਨਜ਼ਰ ਰੱਖਾਂਗਾ।'' ਅਗਰਵਾਲ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਇਸ ਬੱਚੀ ਨੂੰ ਪੁਲਸ 'ਚ ਤਾਇਨਾਤ ਕੋਈ ਜੋੜਾ ਗੋਦ ਲੈ ਲਵੇ ਤਾਂ ਕਿ ਉਸ ਨੂੰ ਬਿਹਤਰ ਪਾਲਣ-ਪੋਸ਼ਣ ਮਿਲ ਸਕੇ।


DIsha

Content Editor

Related News