ਜੰਮੂ-ਕਸ਼ਮੀਰ ’ਚ ਬੇਭਰੋਸਗੀ ਦਾ ਪੱਧਰ ਬਰਕਰਾਰ : ਫਾਰੂਕ
Sunday, Jun 27, 2021 - 10:39 AM (IST)
ਸ੍ਰੀਨਗਰ, (ਭਾਸ਼ਾ, ਅਰੀਜ਼) : ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਜੰਮੂ-ਕਸ਼ੀਰ ਵਿਚ ਬੇਭਰੋਸਗੀ ਦਾ ਪੱਧਰ ਬਰਕਰਾਰ ਹੈ ਅਤੇ ਇਸ ਨੂੰ ਖਤਮ ਕਰਨਾ ਕੇਂਦਰ ਦੀ ਜ਼ਿੰਮੇਵਾਰੀ ਹੈ। ਫਾਰੂਕ ਦੇ ਪੁੱਤਰ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵਿਧਾਨ ਸਭਾ ਚੋਣਾਂ ਕਰਵਾਉਣ ਤੋਂ ਪਹਿਲਾਂ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਤੋਂ ਆਰਟੀਕਲ-370 ਦੀ ਬਹਾਲੀ ਦੀ ਉਮੀਦ ਰੱਖਣਾ ਮੂਰਖਤਾ ਭਰਿਆ ਹੈ।
ਜੰਮੂ-ਕਸ਼ਮੀਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁਲਾਈ ਗਈ ਸਰਬ ਪਾਰਟੀ ਬੈਠਕ ਵਿਚ ਹਿੱਸਾ ਲੈਣ ਤੋਂ ਬਾਅਦ ਦਿੱਲੀ ਤੋਂ ਵਾਪਸ ਆਉਣ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਰੂਕ ਨੇ ਕਿਹਾ ਕਿ ਉਹ ਬੈਠਕ ’ਤੇ ਕੋਈ ਹੋਰ ਬਿਆਨ ਦੇਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਨੇਤਾਵਾਂ ਅਤੇ ਗੁਪਕਾਰ ਗੱਠਜੋੜ (ਪੀ. ਏ. ਜੀ. ਡੀ.) ਦੀਆਂ ਸਬੰਧਤ ਪਾਰਟੀਆਂ ਨਾਲ ਚਰਚਾ ਕਰਨਗੇ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਜਨਮਤ ਸੰਗ੍ਰਹਿ ਦਾ ਵਾਅਦਾ ਕੀਤਾ ਸੀ ਪਰ ਉਹ ਪਲਟ ਗਏ। ਫਾਰੂਕ ਨੇ ਕਿਹਾ ਕਿ 1996 ਦੀਆਂ ਚੋਣਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸਵ. ਪੀ. ਵੀ. ਨਰਸਿਮ੍ਹਾ ਰਾਓ ਨੇ ਸਦਨ ਦੇ ਪਟਲ ਤੋਂ ਖੁਦਮੁਖਤਿਆਰੀ ਦਾ ਵਾਅਦਾ ਕੀਤਾ ਸੀ।
ਫਾਰੂਕ ਨੇ ਪੁੱਛਿਆ ਕਿ ਚੋਣਾਂ ਤੋਂ ਪਹਿਲਾਂ ਨਰਸਿਮ੍ਹਾ ਰਾਓ ਨੇ ਸਾਡੇ ਨਾਲ ਖੁਦਮੁਖਤਿਆਰੀ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਆਕਾਸ਼ ਅਸੀਮਿਤ ਹੈ ਪਰ ਆਜ਼ਾਦੀ ਨਹੀਂ। ਅਸੀਂ ਕਿਹਾ ਕਿ ਅਸੀਂ ਕਦੇ ਆਜ਼ਾਦੀ ਨਹੀਂ ਮੰਗੀ, ਅਸੀਂ ਖੁਦਮੁਖਤਿਆਰੀ ਮੰਗੀ ਹੈ। ਉਨ੍ਹਾਂ ਸਾਡੇ ਨਾਲ ਸਦਨ ਵਿਚ ਵਾਅਦਾ ਕੀਤਾ ਸੀ। ਕਿੱਥੇ ਗਿਆ ਉਹ ਵਾਅਦਾ?