ਕਿਸਾਨਾਂ ਦਾ 'ਹੱਥ ਬੰਨ੍ਹ ਪ੍ਰਦਰਸ਼ਨ' ਪੀ.ਐੱਮ. ਦੀ ਰਿਹਾਇਸ਼ ਘੇਰਨ ਦੀ ਧਮਕੀ

Saturday, Feb 02, 2019 - 04:19 PM (IST)

ਕਿਸਾਨਾਂ ਦਾ 'ਹੱਥ ਬੰਨ੍ਹ ਪ੍ਰਦਰਸ਼ਨ' ਪੀ.ਐੱਮ. ਦੀ ਰਿਹਾਇਸ਼ ਘੇਰਨ ਦੀ ਧਮਕੀ

ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਬਜਟ ਦੌਰਾਨ ਸਰਕਾਰ ਵਲੋਂ ਕਿਸਾਨਾਂ ਨੂੰ 6000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਪਰ ਕਿਸਾਨਾਂ ਦਾ ਗੁੱਸਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਕਿਸਾਨ ਆਪਣੇ ਜ਼ਮੀਨ ਐਕਵਾਇਰ 'ਚ ਉੱਚਿਤ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਘੇਰਨ ਦੀ ਧਮਕੀ ਦੇ ਰਹੇ ਹਨ। ਨਾਰਾਜ਼ ਟੱਪਲ ਦੇ ਕਿਸਾਨ ਸ਼ਨੀਵਾਰ ਨੂੰ ਵੀ ਡੀ.ਐੱਨ.ਡੀ. (ਦਿੱਲੀ-ਨੋਇਡਾ ਡਾਇਰੈਕਟ ਫਲਾਈਵੇਅ) 'ਤੇ ਪਹੁੰਚ ਗਏ ਅਤੇ ਉਸ ਨੂੰ ਘੇਰ ਲਿਆ। ਹਾਲਾਂਕਿ ਕਿਸਾਨ ਡੀ.ਐੱਨ.ਡੀ. ਦੇ ਕਿਨਾਰੇ 'ਤੇ ਹੱਥ ਬੰਨ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗ ਪੂਰੀ ਨਹੀਂ ਹੁੰਦੀ, ਅਸੀਂ ਇੱਥੇ ਪ੍ਰਦਰਸ਼ਨ ਕਰਾਂਗੇ। ਕਿਸਾਨਾਂ ਨੂੰ ਮੰਨਣ ਲਈ ਨੋਇਡਾ ਦੇ ਡੀ.ਐੱਮ. ਅਤੇ ਐੱਸ.ਐੱਸ.ਪੀ. ਮੌਕੇ 'ਤੇ ਪੁੱਜੇ ਪਰ ਵਾਰਤਾ ਅਸਫ਼ਲ ਰਹੀ। ਉੱਥੇ ਹੀ ਮੰਡੋਲਾ ਦੇ ਕਿਸਾਨ ਫਿਲਹਾਲ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਹ ਪ੍ਰਦਰਸ਼ਨ 7 ਫਰਵਰੀ ਤੱਕ ਚੱਲੇਗਾ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੰਡੋਲਾ ਅਤੇ ਟੱਪਲ ਦੇ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕੀਤਾ। ਇਸ ਕਾਰਨ ਦਿੱਲੀ ਅਤੇ ਨੋਇਡਾ ਰੁਕ ਗਈ ਸੀ ਅਤੇ ਡੀ.ਐੱਨ.ਡੀ. ਨੂੰ ਕਈ ਘੰਟਿਆਂ ਲਈ ਬੰਦ ਕਰਨਾ ਪਿਆ ਸੀ।
PunjabKesari
ਯੂ.ਪੀ. ਦੇ ਮੰਡੋਲਾ ਸਮੇਤ 6 ਪਿੰਡਾਂ ਦੇ ਕਿਸਾਨ ਪਿਛਲੇ 25 ਮਹੀਨਿਆਂ ਤੋਂ ਰਿਹਾਇਸ਼ ਵਿਕਾਸ ਪ੍ਰੀਸ਼ਦ ਦੀ ਮੰਡੋਲਾ ਵਿਹਾਰ ਯੋਜਨਾ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਭੂਮੀ ਐਕਵਾਇਰ ਨੀਤੀ 2013 ਤੋਂ ਮੁਆਵਜ਼ਾ ਦਿੱਤਾ ਜਾਵੇ। ਇਹ ਅੰਦੋਲਨ ਕਈ ਦਿਨਾਂ ਤੋਂ ਚੱਲ ਰਿਹਾ ਸੀ ਪਰ ਕੋਈ ਵੀ ਕਿਸਾਨਾਂ ਦੀ ਸੁਣਵਾਈ ਨਹੀਂ ਕਰਨ ਪੁੱਜਿਆ। ਇਸ ਤੋਂ ਨਾਰਾਜ਼ ਕਿਸਾਨਾਂ ਨੇ ਪੀ.ਐੱਮ. ਰਿਹਾਇਸ਼ ਦਾ ਘਿਰਾਅ ਕਰਨ ਦਾ ਐਲਾਨ ਕੀਤਾ।
ਇਸੇ ਤਰ੍ਹਾਂ ਟੱਪਲ ਦੇ ਕਿਸਾਨ ਵੀ ਦਿੱਲੀ 'ਚ ਪ੍ਰਧਾਨ ਮੰਤਰੀ ਰਿਹਾਇਸ਼ ਦਾ ਘਿਰਾਅ ਕਰਨ ਪੁੱਜੇ ਹਨ। ਇਨ੍ਹਾਂ ਕਿਸਾਨਾਂ ਦੀ ਜ਼ਮੀਨ, ਬਸਪਾ ਸਰਕਾਰ ਨੇ ਯਮੁਨਾ ਐਕਸਪ੍ਰੈੱਸ ਵੇਅ ਨਿਰਮਾਣ ਦੌਰਾਨ ਐਕਵਾਇਰ ਕੀਤੀ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਚਲਾਇਆ ਸੀ। ਇਸ ਅੰਦੋਲਨ ਦੌਰਾਨ ਤਿੰਨ ਕਿਸਾਨਾਂ ਅਤੇ ਇਕ ਪੁਲਸ ਕਰਮਚਾਰੀ ਦੀ ਮੌਤ ਵੀ ਹੋ ਗਈ ਸੀ। ਕਰੀਬ 50 ਮਹੀਨਿਆਂ ਤੋਂ ਚੱਲ ਰਹੇ ਇਸ ਅੰਦੋਲਨ ਦੀ ਖਬਰ ਲੈਣ ਕੋਈ ਨਹੀਂ ਪੁੱਜਿਆ ਤਾਂ ਕਿਸਾਨ ਸ਼ੁੱਕਰਵਾਰ ਨੂੰ ਪੀ.ਐੱਮ. ਰਿਹਾਇਸ਼ ਘੇਰਨ ਪੁੱਜ ਗਏ।


author

DIsha

Content Editor

Related News