ਕੇਂਦਰ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਦਾ ਠੋਕਵਾਂ ਜਵਾਬ, ਗੱਲਬਾਤ ਲਈ ਲਿਖਤੀ ’ਚ ਠੋਸ ਤਜਵੀਜ਼ਾਂ ਭੇਜੋ
Wednesday, Dec 23, 2020 - 06:43 PM (IST)
ਨਵੀਂ ਦਿੱਲੀ—ਕੇਂਦਰ ਸਰਕਾਰ ਦੇ ਸੱਦੇ ਪੱਤਰ ’ਤੇ ਅੱਜ ਯਾਨੀ ਕਿ ਬੁੱਧਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਬੈਠਕ ਕੀਤੀ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਮੁੜ ਮੰਥਨ ਮਗਰੋਂ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਪ੍ਰੈੱਸ ਕਾਨਫਰੰਸ ’ਚ ਕਿਸਾਨਾਂ ਨੇ ਸਰਕਾਰ ਦੇ ਸੱਦੇ ਦਾ ਠੋਕਵਾਂ ਜਵਾਬ ਦਿੱਤਾ। ਉਨ੍ਹਾਂ ਨੇ ਸਰਕਾਰ ਨੂੰ ਜਵਾਬ ਦਿੱਤਾ ਹੈ ਕਿ ਕੋਈ ਠੋਸ ਤਜਵੀਜ਼ ਲਿਖਤੀ ਰੂਪ ’ਚ ਭੇਜੋ, ਤਾਂ ਕਿ ਗੱਲਬਾਤ ਲਈ ਵਿਚਾਰਿਆ ਜਾਵੇ। ਸਰਕਾਰ ਵਲੋਂ ਅਜੇ ਤੱਕ ਕੋਈ ਠੋਸ ਤਜਵੀਜ਼ਾਂ ਨਹੀਂ ਭੇਜੀਆਂ ਗਈਆਂ। ਸਾਨੂੰ ਖੁੱਲ੍ਹੇ ਮਨ ਨਾਲ ਗੱਲਬਾਤ ਲਈ ਬੁਲਾਓ। ਮੰਥਨ ਤੋਂ ਬਾਅਦ ਅੱਜ ਦੀ ਪ੍ਰੈੱਸ ਕਾਨਫਰੰਸ ’ਚ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਵਲੋਂ ਭੇਜੇ ਗਏ ਪ੍ਰਸਤਾਵ ਨੂੰ ਕਿਸਾਨ ਜਥੇਬੰਦੀਆਂ ਨੇ ਠੁਕਰਾ ਦਿੱਤਾ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਖੇਤੀਬਾੜੀ ਮੰਤਰੀ ਬੋਲੇ- ਸਰਕਾਰ ਖੁੱਲ੍ਹੇ ਮਨ ਨਾਲ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਤਰਕ ਨੂੰ ਸਰਕਾਰ ਅਜੇ ਤਕ ਨਹੀਂ ਸਮਝ ਸਕੀ ਹੈ। ਕਿਸਾਨਾਂ ਨੂੰ ਸਿਆਸੀ ਧਿਰਾਂ ਵਾਂਗ ਸਮਝਣਾ ਗ਼ਲਤ ਹੈ। ਸਰਕਾਰ ਅੰਦੋਲਨ ਨੂੰ ਹਲਕੇ ’ਚ ਨਾ ਲਵੇ। ਸਾਨੂੰ ਕਾਨੂੰਨਾਂ ’ਚ ਸੋਧ ਮਨਜ਼ੂਰ ਨਹੀਂ ਹੈ। ਬਸ ਇਹ ਕਾਨੂੰਨ ਪੂਰੀ ਤਰ੍ਹਾਂ ਰੱਦ ਹੋਣੇ ਚਾਹੀਦੇ ਹਨ। ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਲੈ ਕੇ ਜੋ ਪ੍ਰਸਤਾਵ ਸਰਕਾਰ ਤੋਂ ਆਇਆ ਹੈ, ਉਸ ’ਚ ਕੁਝ ਵੀ ਸਾਫ਼ ਅਤੇ ਸਪੱਸ਼ਟ ਨਹੀਂ ਹੈ। ਆਗੂਆਂ ਨੇ ਕਿਹਾ ਪਹਿਲੀਆਂ ਬੈਠਕਾਂ ’ਚ ਅਸੀਂ ਸਾਫ਼ ਕਰ ਚੁੱਕੇ ਹਾਂ ਕਿ ਅਸੀਂ ਸੋਧਾਂ ਨਹੀਂ ਚਾਹੁੰਦੇ ਪਰ ਨਵੀਂ ਚਿੱਠੀ ’ਚ ਵੀ ਸਾਰੀਆਂ ਗੱਲਾਂ ਨੂੰ ਮੁੜ ਦੋਹਰਾਇਆ ਗਿਆ। ਸਰਕਾਰ ਚਿੱਠੀ ਲਿਖ ਕੇ ਪੂਰੇ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਚਿੱਠੀ ਇਸ ਲਈ ਲਿਖੀ ਕਿ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ ਕਿ ਸਰਕਾਰ ਤਾਂ ਗੱਲਬਾਤ ਲਈ ਤਿਆਰ ਹੈ ਪਰ ਕਿਸਾਨ ਜਥੇਬੰਦੀਆਂ ਸਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਹਨ।
ਇਹ ਵੀ ਪੜ੍ਹੋ: ਕਿਸਾਨੀ ਘੋਲ ਦਾ 28ਵਾਂ ਦਿਨ, ਸਿੰਘੂ ਸਰਹੱਦ ’ਤੇ ਸ਼ਰਧਾਪੂਰਵਕ ਮਨਾਇਆ ਜਾ ਰਿਹੈ ਸਾਹਿਬਜ਼ਾਦਿਆਂ ਦਾ ‘ਸ਼ਹੀਦੀ ਦਿਹਾੜਾ’
ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਦੀ ਇਕ ਨਵੀਂ ਕੋਸ਼ਿਸ਼ ਸਰਕਾਰ ਦੀ ਨਵੀਂ ਚਿੱਠੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਨ੍ਹਾਂ ਅਰਥਹੀਣ ਸੋਧਾਂ ਨੂੰ ਨਾ ਦੋਹਰਾਇਆ ਜਾਵੇ, ਜਿਨ੍ਹਾਂ ਨੂੰ ਅਸੀਂ ਨਾ-ਮਨਜ਼ੂਰ ਕਰ ਦਿੱਤਾ। ਲਿਖਤੀ ਰੂਪ ਵਿਚ ਠੋਸ ਤਜਵੀਜ਼ਾਂ ਭੇਜੀਆਂ ਜਾਣ, ਤਾਂ ਕਿ ਇਸ ਨੂੰ ਇਕ ਏਜੰਡਾ ਬਣਾਇਆ ਜਾ ਸਕੇ ਅਤੇ ਗੱਲਬਾਤ ਦੀ ਪ੍ਰਕਿਰਿਆ ਛੇਤੀ ਤੋਂ ਛੇਤੀ ਸ਼ੁਰੂ ਕੀਤੀ ਜਾ ਸਕੇ। ਸਾਨੂੰ ਖੁੱਲ੍ਹੇ ਮਨ ਨਾਲ ਗੱਲਬਾਤ ਲਈ ਬੁਲਾਓ।