ਕਿਸਾਨ ਅੰਦੋਲਨ 'ਚ ਸ਼ਾਮਲ ਕੁੜੀ ਦੀ ਮੌਤ ਦਾ ਮਾਮਲਾ ਭਖਿਆ, ਹਰਿਆਣਾ ਸਰਕਾਰ ਵੱਲੋਂ ਜਾਂਚ ਦੇ ਆਦੇਸ਼ ਜਾਰੀ

Monday, May 10, 2021 - 10:52 AM (IST)

ਕਿਸਾਨ ਅੰਦੋਲਨ 'ਚ ਸ਼ਾਮਲ ਕੁੜੀ ਦੀ ਮੌਤ ਦਾ ਮਾਮਲਾ ਭਖਿਆ, ਹਰਿਆਣਾ ਸਰਕਾਰ ਵੱਲੋਂ ਜਾਂਚ ਦੇ ਆਦੇਸ਼ ਜਾਰੀ

ਹਰਿਆਣਾ- ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 5 ਮਹੀਨੇ ਤੋਂ ਦਿੱਲੀ-ਹਰਿਆਣਾ ਬਾਰਡਰਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਦੌਰਾਨ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ 6 ਵਿਅਕਤੀਆਂ 'ਤੇ ਪੁਲਿਸ ਨੇ 25 ਸਾਲਾ ਬੰਗਾਲੀ ਕੁੜੀ ਨਾਲ ਟਿਕਰੀ ਬਾਰਡਰ 'ਤੇ ਸਮੂਹਿਕ ਜਬਰ ਜ਼ਨਾਹ ਕਰਨ ਅਤੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਬਹਾਦਰਗੜ੍ਹ ਪੁਲਸ ਥਾਣੇ ਦੇ ਇੰਚਾਰਜ ਵਿਜੇ ਕੁਮਾਰ ਮੁਤਾਬਕ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਧਾਰਾ 365, 342, 376-ਡੀ,506 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਫ਼ਆਈਆਰ ਮੁਤਾਬਤ ਮੁਲਜ਼ਮਾਂ ਦੀ ਪਛਾਣ ਅਨਿਲ ਮਲਿਕ, ਅਨੂਪ ਸਿੰਘ, ਅੰਕੁਸ਼ ਸਾਗਵਾਨ, ਜਗਦੀਸ਼ ਬਰਾੜ ਵਜੋਂ ਹੋਈ ਹੈ, ਇਨ੍ਹਾਂ ਤੋਂ ਇਲਾਵਾ ਇਨ੍ਹਾਂ ਦੇ ਟੈਂਟ ਵਿਚ ਨਾਲ ਰਹਿਣ ਵਾਲੀਆਂ ਦੋ ਜਨਾਨੀਆਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਉੱਥੇ ਹੀ ਹਰਿਆਣਾ ਪੁਲਸ ਨੇ ਮਾਮਲੇ ਦੀ ਜਾਂਚ ਲਈ ਐਤਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਗਠਿਤ ਕੀਤੀ। 

ਟਰੇਨ 'ਚ ਕੀਤੀ ਗਈ ਸੀ ਜ਼ਬਰਦਸਤੀ
ਐਫ਼.ਆਈ.ਆਰ. ਮੁਤਾਬਕ ਇਕ ਅਪ੍ਰੈਲ ਨੂੰ ਕਿਸਾਨਾਂ ਦਾ ਇਕ ਵਫ਼ਦ ਜਿਸ ਵਿਚ ਮੁਲਜ਼ਮ ਵੀ ਸ਼ਾਮਲ ਸਨ, ਰੈਲੀ ਕਰਨ ਲਈ ਹੁਗਲੀ ਗਿਆ ਸੀ। ਪੀੜਤਾ ਜੋ ਕਿ ਇਕ ਕਲਾਕਾਰ ਅਤੇ ਡਿਜ਼ਾਇਨਰ ਸੀ, ਉਸ ਦਾ ਇਨ੍ਹਾਂ ਨਾਲ ਉੱਥੇ ਹੀ ਸੰਪਰਕ ਹੋਇਆ ਸੀ। ਇਸ ਕੁੜੀ ਨੇ ਆਪਣੇ ਘਰਦਿਆਂ ਨੂੰ ਕਿਸਾਨ ਅੰਦੋਲਨ ਦੇ ਹੱਕ ਵਿਚ ਦਿੱਲੀ ਧਰਨੇ ਵਿਚ ਆਉਣ ਲਈ ਮਨਾ ਲਿਆ, 11 ਅਪ੍ਰੈਲ ਨੂੰ ਚੱਲਦੀ ਟਰੇਨ ਵਿਚ ਅਨਿਲ ਮਲਿਕ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁੜੀ ਨੇ ਉਸ ਦਾ ਵਿਰੋਧ ਕੀਤਾ ਅਤੇ ਆਪਣੇ ਤੋਂ ਦੂਰ ਕਰ ਦਿੱਤਾ। ਐਫ.ਆਈ.ਆਰ. ਵਿਚ ਅੱਗੇ ਲਿਖਿਆ ਗਿਆ ਹੈ ਕਿ 12 ਅਪ੍ਰੈਲ ਨੂੰ ਵਫ਼ਦ ਵਾਪਸ ਦਿੱਲੀ ਪਹੁੰਚ ਗਿਆ ਅਤੇ ਪੀੜਤਾਂ ਮੁਲਜ਼ਮਾਂ ਨਾਲ ਹੀ ਉਨ੍ਹਾਂ ਦੇ ਟੈਂਟ ਵਿਚ ਰਹਿ ਗਈ ਕਿਉਂ ਕਿ ਉਹ ਸ਼ਹਿਰ ਵਿਚ ਹੋਰ ਕਿਸੇ ਨੂੰ ਜਾਣਦੀ ਨਹੀਂ ਸੀ।

ਪੀੜਤਾ ਨੇ ਪਿਤਾ ਨੂੰ ਦੱਸੀ ਸਾਰੀ ਗੱਲ
ਐਫ਼.ਆਈ.ਆਰ. ਮੁਤਾਬਕ ਕੁੜੀ ਨੇ ਆਪਣੇ ਪਿਤਾ ਨੂੰ ਫੋਨ 'ਤੇ ਦੱਸਿਆ ਕਿ ਮੁਲਜ਼ਮਾਂ ਦਾ ਉਸ ਪ੍ਰਤੀ ਰਵੱਈਆ ਠੀਕ ਨਹੀਂ ਸੀ ਅਤੇ ਉਹ ਉਸ ਨਾਲ ਧੱਕਾ ਅਤੇ ਬਲੈਕਮੇਲਿੰਗ ਕਰ ਰਹੇ ਸਨ। ਇਹ ਮਾਮਲਾ ਕਿਸਾਨ ਆਗੂਆਂ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ਤੋਂ ਬਾਅਦ ਉਸ ਦਾ ਵੀਡੀਓ ਬਿਆਨ ਦਰਜ ਕੀਤਾ ਗਿਆ ਅਤੇ ਉਸ ਦਾ ਟੈਂਟ ਮਹਿਲਾ ਅੰਦੋਲਨਾਕਾਰੀਆਂ ਨਾਲ ਸ਼ਿਫਟ ਕਰ ਦਿੱਤਾ ਗਿਆ। ਐਫ.ਆਈ.ਆਰ. ਮੁਤਾਬਕ 21 ਅਪ੍ਰੈਲ ਨੂੰ ਪੀੜਤ ਕੁੜੀ ਨੂੰ ਬੁਖ਼ਾਰ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਸ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ, ਜਦੋਂ ਉਸ ਦੇ ਪਿਤਾ ਦਿੱਲੀ ਹਸਪਲਤਾਲ ਵਿਚ ਉਸ ਕੋਲ ਆਏ ਤਾਂ ਕੁੜੀ ਨੇ ਉਸ ਨੂੰ ਦੱਸਿਆ ਕਿ ਉਸ ਨਾਲ ਟਰੇਨ ਵਿਚ ਅਤੇ ਫਿਰ ਟੈਂਟ ਵਿਚ ਬਲਾਤਕਾਰ ਕੀਤਾ ਗਿਆ। 

ਪੀੜਤ ਕੁੜੀ ਦੀ ਹੋ ਚੁਕੀ ਹੈ ਮੌਤ
ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨ ਅੰਦੋਲਨ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ, ਪੀੜਤ ਕੁੜੀ ਦਾ 30 ਅਪ੍ਰੈਲ ਨੂੰ ਇਲਾਜ ਦੌਰਾਨ ਹੀ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ। ਬਹਾਦਰਗੜ੍ਹ ਥਾਣੇ ਦੇ ਇੰਚਾਰਜ ਵਿਜੇ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ 4 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਅਨਿਲ ਮਲਿਕ ਅਤੇ ਅਨੂਪ ਸਿੰਘ ਸ਼ਾਮਲ ਹਨ। ਮਾਮਲੇ ਦੀ ਜਾਂਚ ਲਈ ਪੁਲਸ ਨੇ ਡੀ.ਐੱਸ.ਪੀ. ਦੀ ਅਗਵਾਈ ਵਿਚ ਤਿੰਨ ਇੰਸਪੈਕਸਟਰ ਦੀ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਹੈ।

ਸੰਯੁਕਤ ਮੋਰਚੇ ਦਾ ਪੱਖ
ਇਸ ਮਾਮਲੇ ਬਾਰੇ ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਇਸ ਮਾਮਲੇ ਦੀ ਕਿਸਾਨਾਂ ਨੇ ਆਪ ਜਾਂਚ ਕੀਤੀ ਅਤੇ ਮੁੱਢਲੀ ਜਾਂਚ ਵਿਚ ਪੀੜਤਾ ਦੇ ਇਲਜ਼ਾਮ ਸੱਚ ਲੱਗੇ। ਜਿਸ ਤੋਂ ਬਾਅਦ ਮੁਲਜ਼ਮਾਂ ਦਾ ਅੰਦੋਲਨ ਵਿਚੋਂ ਟੈਂਟ ਚੁਕਵਾ ਦਿੱਤਾ ਗਿਆ ਅਤੇ ਮੁਲਜ਼ਮਾਂ ਖ਼ਿਲਾਫ਼ ਐੱਫ਼.ਆਈਆਰ ਕਰਵਾਈ ਗਈ। ਸੰਯੁਕਤ ਕਿਸਾਨ ਮੋਰਚਾ ਪੀੜਤ ਕੁੜੀ ਦੇ ਪਰਿਵਾਰ ਨਾਲ ਖੜ੍ਹਾ ਹੈ। ਕਿਸੇ ਨੂੰ ਵੀ ਔਰਤਾਂ ਨਾਲ ਮਾੜਾ ਰਵੱਈਆ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਇਸ ਮਾਮਲੇ ਵਿਚ ਪੀੜਤਾ ਨੂੰ ਇਨਸਾਫ਼ ਦੁਆਉਣ ਲਈ ਸੰਯੁਕਤ ਕਿਸਾਨ ਮੋਰਚਾ ਪਰਿਵਾਰ ਨੂੰ ਹਰ ਸੰਭਵ ਮਦਦ ਮਹੁੱਈਆ ਕਰਵਾਉਣ ਲਈ ਤਿਆਰ ਹੈ।


author

DIsha

Content Editor

Related News