ਕਿਸਾਨੀ ਘੋਲ: ਸਿੰਘੂ ਸਰਹੱਦ 'ਤੇ ਕਿਸਾਨਾਂ ਦਾ ਉਤਸ਼ਾਹ ਵਧਾਉਣ ਲਈ ‘ਗੱਤਕਾ ਪ੍ਰਦਰਸ਼ਨ’
Monday, Jan 04, 2021 - 01:43 PM (IST)
ਨਵੀਂ ਦਿੱਲੀ (ਅਵਿਨਾਸ਼ ਪਾਂਡੇ)- ਸਿੰਘੂ ਸਰਹੱਦ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਜਿਥੇ ਨਵੇਂ ਸਾਲ ਦਾ ਆਗਾਜ਼ ਨਗਰ ਕੀਰਤਨ ਕੱਢ ਕੇ ਕੀਤਾ, ਉਥੇ ਹੀ ਹੁਣ ਗੱਤਕੇ ਦੇ ਕਰਤੱਬ ਦਿਖਾ ਕੇ ਵੀ ਕਿਸਾਨਾਂ ਵਿਚ ਜੋਸ਼ ਪੈਦਾ ਕੀਤਾ ਜਾ ਰਿਹਾ ਹੈ। ਗੱਤਕਾ ਖੇਡਣ ਵਾਲਿਆਂ ਨੇ ਦੱਸਿਆ ਕਿ ਨਵੇਂ ਸਾਲ ਦੇ ਦਿਨ ਸਿੰਘੂ ਸਰਹੱਦ ਤੋਂ ਪਾਨੀਪਤ ਵੱਲ ਕਰੀਬ 10 ਕਿਲੋਮੀਟਰ ਤੱਕ ਨਗਰ ਕੀਰਤਨ ਕੱਢਿਆ ਗਿਆ ਅਤੇ ਹੁਣ ਹਰ ਰੋਜ਼ ਗੱਤਕਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੱਤਕਾ ਦਾ ਕਰਤੱਬ ਦਿਖਾਉਣ ਦਾ ਮਕਸਦ ਕਿਸਾਨਾਂ ਦਾ ਉਤਸ਼ਾਹ ਵਧਾਉਣਾ ਹੈ ਅਤੇ ਸਰਕਾਰ ਨੂੰ ਇਹ ਦੱਸਣਾ ਵੀ ਹੈ ਕਿ ਉਹ ਕਿਸ ਉਤਸ਼ਾਹ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਸਰਹੱਦ ’ਤੇ ਡਟੇ ਹੋਏ ਹਨ।
ਇਹ ਵੀ ਪੜ੍ਹੋ : ਕੀ ਹੋਵੇਗਾ ਮਸਲਾ ਹੱਲ? ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਅੱਜ ਹੋਵੇਗੀ ‘ਗੱਲਬਾਤ’
‘ਰਿਟਾਇਰਡ ਕਰਮਚਾਰੀ ਪੋਤੇ-ਪੋਤੀ ਸਮੇਤ ਕਿਸਾਨਾਂ ਦਾ ਹੌਸਲਾ ਵਧਾਉਣ ਪਹੁੰਚਿਆ’
ਬੀਤੇ 25 ਨਵੰਬਰ ਤੋਂ ਲਗਾਤਾਰ ਜਾਰੀ ਕਿਸਾਨ ਅੰਦੋਲਨ ਵਿਚ ਲੋਕ ਪਰਿਵਾਰਾਂ ਸਮੇਤ ਪਹੁੰਚ ਰਹੇ ਹਨ। ਪਾਨੀਪਤ ਜ਼ਿਲੇ ਦੇ ਇਕ ਰਿਟਾਇਰਡ ਸਰਕਾਰੀ ਕਰਮਚਾਰੀ ਅਤੇ ਪੇਸ਼ੇ ਤੋਂ ਕਿਸਾਨ ਆਪਣੇ ਬੱਚਿਆਂ ਅਤੇ ਪੋਤੇ-ਪੋਤੀ ਸਮੇਤ ਸਿੰਘੂ ਸਰਹੱਦ ’ਤੇ ਕਿਸਾਨਾਂ ਦਾ ਹੌਸਲਾ ਵਧਾਉਣ ਪੁੱਜੇ। ਉਨ੍ਹਾਂ ਦੱਸਿਆ ਕਿ ਉਹ ਨਵੇਂ ਸਾਲ ’ਤੇ ਆਪਣੇ ਪਰਿਵਾਰ ਦੇ ਨਾਲ ਇਥੇ ਇਸ ਲਈ ਆਏ, ਕਿਉਂਕਿ ਉਹ ਆਪਣੇ ਬੱਚਿਆਂ ਅਤੇ ਪੋਤਾ-ਪੋਤੀ ਨੂੰ ਉਹ ਜਜ਼ਬਾ ਦਿਖਾਉਣਾ ਚਾਹੁੰਦੇ ਹਨ ਕਿ ਕਿਸ ਤਰ੍ਹਾਂ ਅੰਦੋਲਨ ਚੱਲ ਰਿਹਾ ਹੈ ਅਤੇ ਅੰਦੋਲਨ ਵਿਚ ਧਰਨੇ ’ਤੇ ਬੈਠੇ ਕਿਸਾਨ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਦਿੱਲੀ ’ਚ ਕਿਸਾਨਾਂ ਦੇ ਡੇਰੇ, ਠੰਡ ਅਤੇ ਮੀਂਹ ਦੇ ਬਾਵਜੂਦ ‘ਹੌਂਸਲੇ ਬੁਲੰਦ’
‘ਅੱਜ ਦੀ ਬੈਠਕ ’ਤੇ ਟਿਕੀਆਂ ਨਜ਼ਰਾਂ’
ਪਿਛਲੇ 40 ਦਿਨਾਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਨਜ਼ਰਾਂ ਹੁਣ 4 ਜਨਵਰੀ ਨੂੰ ਹੋਣ ਵਾਲੀ ਅਹਿਮ ਬੈਠਕ ’ਤੇ ਟਿਕ ਗਈਆਂ ਹਨ। ਲੁਧਿਆਣਾ ਨਿਵਾਸੀ ਜਸਵਿੰਦਰ ਸਿੰਘ ਅਤੇ ਸੁਖਬੀਰ ਨੇ ਦੱਸਿਆ ਕਿ 4 ਜਨਵਰੀ ਦੀ ਬੈਠਕ ਵਿਚ ਕਾਫ਼ੀ ਕੁਝ ਫੈਸਲਾ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਬੈਠਕ ਵਿਚ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਗੱਲਾਂ ਨਹੀਂ ਮੰਨੀਆਂ ਤਾਂ ਅੱਗੇ ਅੰਦੋਲਨ ਹੋਰ ਵਧ ਸਕਦਾ ਹੈ। ਹਾਲਾਂਕਿ ਇਨ੍ਹਾਂ ਕਿਸਾਨਾਂ ਨੇ ਇਹ ਵੀ ਕਿਹਾ ਕਿ ਹੁਣ ਤਾਂ ਸਰਕਾਰ ਨੂੰ ਕਿਸਾਨਾਂ ਦੀਆਂ ਗੱਲਾਂ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਅੰਦੋਲਨ ਵਧਣ ਦੇ ਨਾਲ ਹੀ ਕਿਸਾਨਾਂ ਦੀ ਸ਼ਹਾਦਤ ਵੀ ਵਧ ਰਹੀ ਹੈ। ਓਧਰ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ 6 ਅਤੇ 26 ਜਨਵਰੀ ਨੂੰ ਦਿੱਲੀ ਵਿਚ ਟਰੈਕਟਰ ਪਰੇਡ ਕੱਢੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਸੋਧ ਦੀ ਨਹੀਂ ਸਗੋਂ ਅਸੀਂ ਤਿੰਨੋਂ ਕਾਨੂੰਨਾਂ ਦੀ ਵਾਪਸੀ ਚਾਹੁੰਦੇ ਹਾਂ। ਜੇਕਰ ਅੱਜ ਦੀ ਚਰਚਾ ’ਚ ਸਰਕਾਰ ਨਹੀਂ ਮੰਨਦੀ ਤਾਂ ਗਣਤੰਤਰ ਦਿਵਸ ਦੇ ਦਿਨ ਦਿੱਲੀ ਵੱਲ ਟਰੈਕਟਰ ਪਰੇਡ ਕੱਢੀ ਜਾਵੇਗੀ।
ਇਹ ਵੀ ਪੜ੍ਹੋ : ‘ਵਾਟਰ ਪਰੂਫ਼ ਟੈਂਟ ਕੀਤੇ ਸਥਾਪਤ, ਬਜ਼ੁਰਗ ਕਿਸਾਨਾਂ ਦੀ ਸਿਹਤ ਦੀ ਚਿੰਤਾ, ਨੌਜਵਾਨ ਰੱਖ ਰਹੇ ਖਿਆਲ’