ਸੰਯੁਕਤ ਮੋਰਚੇ ਦਾ ਐਲਾਨ- ਕੋਰ ਕਮੇਟੀ ਦੀ ਬੈਠਕ ’ਚ ਨਹੀਂ ਜਾਵਾਂਗੇ
Sunday, Sep 19, 2021 - 11:05 AM (IST)

ਸੋਨੀਪਤ (ਦੀਕਸ਼ਿਤ)– ਸੁਪਰੀਮ ਕੋਰਟ ਦੇ ਹੁਕਮਾਂ ’ਤੇ ਸਿੰਘੂ ਹੱਦ ’ਤੇ ਧਰਨਾ ਦੇ ਰਹੇ ਕਿਸਾਨਾਂ ਤੋਂ ਇਕ ਪਾਸੇ ਦਾ ਰਸਤਾ ਖੁੱਲ੍ਹਵਾਉਣ ਦੇ ਸਰਕਾਰ ਦੇ ਯਤਨਾਂ ਨੂੰ ਝਟਕਾ ਲੱਗਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਦੋ-ਟੁੱਕ ਕਿਹਾ ਕਿ ਉਹ ਸਰਕਾਰ ਦੀ ਕੋਰ ਕਮੇਟੀ ਦੀ ਬੈਠਕ ਵਿਚ ਸ਼ਾਮਲ ਨਹੀਂ ਹੋਣਗੇ। ਕਿਸਾਨ ਨੇਤਾਵਾਂ ਨੇ ਤਰਕ ਦਿੱਤਾ ਕਿ ਸੁਪਰੀਮ ਕੋਰਟ ਦੇ ਹੁਕਮ ਵਿਚ ਕਿਸਾਨ ਪਾਰਟੀ ਨਹੀਂ ਹੈ। ਇਹ ਸਰਕਾਰ ਅਤੇ ਅਦਾਲਤ ਦਾ ਮਾਮਲਾ ਹੈ ਤਾਂ ਸਰਕਾਰ ਹੀ ਜਵਾਬ ਦੇਵੇ। ਕਿਸਾਨਾਂ ਨੇ ਇਹ ਫੈਸਲਾ ਸ਼ਨੀਵਾਰ ਨੂੰ 32 ਜਥੇਬੰਦੀਆਂ ਦੀ ਬੈਠਕ ਵਿਚ ਲਿਆ।
ਉਥੇ ਹੀ ਕਿਸਾਨਾਂ ਨੇ ਫਿਰ ਇਕ ਵਾਰ ਕਿਹਾ ਕਿ ਉਨ੍ਹਾਂ ਰਸਤਾ ਬੰਦ ਨਹੀਂ ਕੀਤਾ ਹੈ ਸਗੋਂ ਸਰਕਾਰ ਨੇ ਦਿੱਲੀ ਵੱਲ ਸਿੰਘੂ ਹੱਦ ’ਤੇ ਕੰਧ ਬਣਾਈ ਹੈ। ਇਹ ਕੰਧ ਹਟਾਉਣ ਲਈ ਕਿਸਾਨ ਵੀ ਕਈ ਵਾਰ ਕਹਿ ਚੁੱਕੇ ਹਨ ਪਰ ਸਰਕਾਰ ਨਹੀਂ ਮੰਨੀ। ਸ਼ਨੀਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਸਿੰਘੂ ਹੱਦ ਦਫਤਰ ਵਿਚ ਬੈਠਕ ਬੁਲਾਈ, ਜਿਸ ਵਿਚ 32 ਜਥੇਬੰਦੀਆਂ ਨੇ ਹਿੱਸਾ ਲਿਆ।
ਬੈਠਕ ਵਿਚ ਡਾ. ਦਰਸ਼ਨਪਾਲ ਤੋਂ ਇਲਾਵਾ ਦੱਲੇਵਾਲ, ਬਲਬੀਰ ਰਾਜੇਵਾਲ ਸਮੇਤ ਅਨੇਕਾਂ ਵੱਡੇ ਨੇਤਾ ਮੌਜੂਦ ਰਹੇ। ਉਨ੍ਹਾਂ ਫੈਸਲਾ ਲਿਆ ਕਿ ਉਹ 19 ਸਤੰਬਰ ਨੂੰ ਹੋਣ ਵਾਲੀ ਸਰਕਾਰ ਦੀ ਕੋਰ ਕਮੇਟੀ ਦੀ ਬੈਠਕ ਵਿਚ ਹਿੱਸਾ ਨਹੀਂ ਲੈਣਗੇ। ਇਹ ਬੈਠਕ ਮੁਰਥਲ ਯੂਨੀਵਰਸਿਟੀ ਵਿਚ ਹੋਣੀ ਤੈਅ ਹੋਈ ਸੀ। ਕਿਸਾਨ ਨੇਤਾਵਾਂ ਨੇ ਸਾਫ ਕੀਤਾ ਕਿ ਕੋਰਟ ਦੇ ਹੁਕਮਾਂ ਵਿਚ ਕਿਸਾਨ ਪਾਰਟੀ ਨਹੀਂ ਹੈ। ਜਵਾਬ ਸਰਕਾਰ ਤੋਂ ਮੰਗਿਆ ਗਿਆ ਹੈ ਤਾਂ ਸਰਕਾਰ ਹੀ ਜਵਾਬ ਦੇਵੇ।