ਕਰਨਾਲ ’ਚ ਡਟੇ ਕਿਸਾਨ, ਮੋਬਾਇਲ ਇੰਟਰਨੈੱਟ-SMS ਸੇਵਾ ਅੱਜ ਰਾਤ 12 ਵਜੇ ਤਕ ਰਹੇਗੀ ਬੰਦ

Thursday, Sep 09, 2021 - 11:11 AM (IST)

ਕਰਨਾਲ ’ਚ ਡਟੇ ਕਿਸਾਨ, ਮੋਬਾਇਲ ਇੰਟਰਨੈੱਟ-SMS ਸੇਵਾ ਅੱਜ ਰਾਤ 12 ਵਜੇ ਤਕ ਰਹੇਗੀ ਬੰਦ

ਕਰਨਾਲ— ਆਈ. ਏ. ਐੱਸ. ਅਧਿਕਾਰੀ ਆਯੁਸ਼ ਸਿਨਹਾ ਦੇ ਸਸਪੈਂਡ ਅਤੇ ਮਿ੍ਰਤਕ ਕਿਸਾਨ ਦੇ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਰਨਾਲ ’ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਕਰਨਾਲ ’ਚ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਿਆ ਹੈ ਅਤੇ ਅੱਜ ਰਾਤ 12 ਵਜੇ ਤੱਕ ਮੋਬਾਇਲ ਇੰਟਰਨੈੱਟ ਅਤੇ ਐੱਸ. ਐੱਮ. ਐੱਸ. ਸੇਵਾ ’ਤੇ ਬੈਨ ਲਾ ਦਿੱਤਾ ਹੈ। ਦੱਸ ਦੇਈਏ ਕਿ ਕਰਨਾਲ ’ਚ ਮਹਾਪੰਚਾਇਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਫ਼ਵਾਹ ਨਾ ਫੈਲੇ, ਇਸ ਲਈ ਜ਼ਿਲ੍ਹੇ ’ਚ ਇੰਟਰਨੈੱਟ ਸੇਵਾ ’ਤੇ ਪਾਬੰਦੀ 24 ਘੰਟੇ ਲਈ ਵਧਾ ਦਿੱਤੀ ਸੀ। ਇਹ ਆਦੇਸ਼ ਅੱਜ ਰਾਤ 11.59 ਵਜੇ ਤਕ ਪ੍ਰਭਾਵੀ ਰਹੇਗਾ। ਇਸ ਤੋਂ ਪਹਿਲਾਂ ਕਰਨਾਲ ਸਮੇਤ ਜੀਂਦ, ਕੈਥਲ, ਪਾਨੀਪਤ ਅਤੇ ਕੁਰੂਕਸ਼ੇਤਰ ’ਚ ਵੀ ਇੰਟਰਨੈੱਟ ਸੇਵਾਵਾਂ ’ਤੇ 24 ਘੰਟੇ ਦੀ ਪਾਬੰਦੀ ਲਾਈ ਗਈ ਸੀ।

PunjabKesari

ਦੱਸਣਯੋਗ ਹੈ ਕਿ 28 ਅਗਸਤ ਨੂੰ ਪੁਲਸ ਨੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਸੀ। ਪੁਲਸ ਲਾਠੀਚਾਰਜ ਵਿਚ ਜ਼ਖਮੀ ਹੋਏ ਕਰਨਾਲ ਦੇ ਰਾਏਪੁਰ ਜਾਟਾਨ ਪਿੰਡ ਦੇ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ ਸੀ। ਇਸ ਦੇ ਵਿਰੋਧ ’ਚ ਕਿਸਾਨਾਂ ਨੇ 7 ਸਤੰਬਰ ਨੂੰ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਚ ਮਹਾਪੰਚਾਇਤ ਕੀਤੀ। ਦਰਅਸਲ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਨੇ ਘਰੌਂੜਾ ਅਨਾਜ ਮੰਡੀ ’ਚ ਪੰਚਾਇਤ ਕਰ ਕੇ ਹਰਿਆਣਾ ਸਰਕਾਰ ਅੱਗੇ 3 ਮੰਗਾਂ ਰੱਖੀਆਂ ਸਨ। ਨਾਲ ਹੀ ਮਹਾਪੰਚਾਇਤ ਅਤੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ 6 ਸਤੰਬਤ ਤਕ ਦਾ ਅਲਟੀਮੇਟਮ ਦਿੱਤਾ ਸੀ। 

7 ਸਤੰਬਰ ਮੰਗਲਵਾਰ ਨੂੰ ਮਹਾਪੰਚਾਇਤ ਹੋਈ ਅਤੇ ਕਿਸਾਨਾਂ ਦਾ ਵੱਡਾ ਇਕੱਠ ਵੇਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਪ੍ਰਸ਼ਾਸਨ ਨੇ ਗੱਲਬਾਤ ਦਾ ਸੱਦਾ ਭੇਜਿਆ। ਇਸ ਬੈਠਕ ’ਚ ਆਲਾ ਅਧਿਕਾਰੀਆਂ ਨੇ ਕਿਸਾਨਾਂ ਦੀ 11 ਮੈਂਬਰੀ ਕਮੇਟੀ ਨਾਲ ਬੈਠਕ ਕੀਤੀ ਸੀ, ਜੋ ਕਿ ਬੇਸਿੱਟਾ ਰਹੀ। ਕਿਸਾਨ ਆਗੂ ‘ਸਿਰ ਪਾੜ੍ਹਨ’ ਵਾਲੇ ਆਦੇਸ਼ ਦੇਣ ਵਾਲੇ ਤੱਤਕਾਲੀਨ ਐੱਸ. ਡੀ. ਐੱਮ. ਆਯੁਸ਼ ਸਿਨਹਾ ਦੇ ਸਸਪੈਂਡ ’ਤੇ ਅੜੇ ਹੋਏ ਹਨ ਪਰ ਸਰਕਾਰ ਇਸ ਲਈ ਤਿਆਰ ਨਹੀਂ ਹੈ। ਇਸ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਦੇ ਆਦੇਸ਼ ਮਗਰੋਂ ਕਿਸਾਨਾਂ ਨੇ ਮਿੰਨੀ ਸਕੱਤਰੇਤ ਵੱਲ ਕੂਚ ਕੀਤਾ। ਕੱਲ੍ਹ ਵੀ ਕਿਸਾਨ ਆਗੂਆਂ ਅਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਬੈਠਕ ਹੋਈ, ਜੋ ਕਿ ਬੇਸਿੱਟਾ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ, ਸਾਡਾ ਧਰਨਾ ਜਾਰੀ ਰਹੇਗਾ।


author

Tanu

Content Editor

Related News