PM ਮੋਦੀ ਦੀ ਚੁੱਪੀ ਕਾਰਨ ਟਰੈਕਟਰ ਮਾਰਚ ਕੱਢਣ ਨੂੰ ਮਜਬੂਰ ਹਨ ਕਿਸਾਨ: ਕਾਂਗਰਸ
Thursday, Jan 07, 2021 - 03:23 PM (IST)
ਨਵੀਂ ਦਿੱਲੀ— ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਹੈ ਕਿ ਉਹ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਪਰੇਸ਼ਾਨੀ ਨੂੰ ਨਹੀਂ ਸਮਝਦੇ ਹਨ ਅਤੇ ਉਨ੍ਹਾਂ ਦੇ ਦਰਦ ’ਤੇ ਚੁੱਪ ਧਾਰੀ ਬੈਠੇ ਹਨ। ਇਸ ਲਈ ਨਿਰਾਸ਼ ਹੋ ਕੇ ਅੰਦੋਲਨਕਾਰੀ ਕਿਸਾਨ ਟਰੈਕਟਰ ਰੈਲੀ ਕੱਢਣ ਨੂੰ ਮਜਬੂਰ ਹੋ ਰਹੇ ਹਨ। ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਵੀਰਵਾਰ ਨੂੰ ਇੱਥੇ ਪੱਤਰਕਾਰਾਂ ਦੇ ਸਵਾਲਾਂ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨਾਲ ਬੇਰਹਿਮ ਅਤੇ ਨਿਰਦਈ ਵਤੀਰਾ ਕਰ ਰਹੇ ਹਨ। ਉਹ ਉਨ੍ਹਾਂ ਦੇ ਦਰਦ ਨੂੰ ਸਮਝ ਨਹੀਂ ਪਾ ਰਹੇ ਹਨ, ਇਸ ਲਈ ਉਨ੍ਹਾਂ ਬਾਰੇ ਕੁਝ ਵੀ ਵਿਚਾਰ ਕਰਨ ਅਤੇ ਬੋਲਣ ਨੂੰ ਤਿਆਰ ਨਹੀਂ ਹਨ। ਉਹ ਕੜਾਕੇ ਦੀ ਠੰਡ ਵਿਚ ਖੁੱਲ੍ਹੇ ’ਚ ਬੈਠੇ ਹਨ।
ਹੁਣ ਤੱਕ 60 ਅੰਦੋਲਨਕਾਰੀ ਕਿਸਾਨ ਦਮ ਤੋੜ ਚੁੱਕੇ ਹਨ ਪਰ ਸਰਕਾਰ ਉਨ੍ਹਾਂ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਬੁਲਾਰੇ ਨੇ ਕਿਹਾ ਕਿ ਮੋਦੀ ਨੂੰ ਕਿਸਾਨਾਂ ਹੀ ਨਹੀਂ, ਆਮ ਲੋਕਾਂ ਨਾਲ ਹੋ ਰਹੇ ਅੱਤਿਆਚਾਰ ਦੀ ਵੀ ਫਿਕਰ ਨਹੀਂ ਹੈ। ਉੱਤਰ ਪ੍ਰਦੇਸ਼ ਵਿਚ ਹਾਥਰਸ ਦੀ ਘਟਨਾ ਵਾਪਰੀ ਅਤੇ ਹੁਣ ਉਸੇ ਤਰ੍ਹਾਂ ਦੀ ਦਰਦਨਾਕ ਘਟਨਾ ਬਦਾਯੂੰ ਵਿਚ ਹੋਈ ਹੈ ਪਰ ਪ੍ਰਧਾਨ ਮੰਤਰੀ ਇਨ੍ਹਾਂ ਸਾਰੇ ਮਾਮਲਿਆਂ ’ਤੇ ਚੁੱਪ ਧਾਰੀ ਬੈਠੇ ਹਨ। ਇਹ ਸਾਰਿਆਂ ਲਈ ਚਿੰਤਾ ਦੀ ਗੱਲ ਹੈ।