ਰੋਕ ਦੇ ਬਾਵਜੂਦ ਹਰਿਆਣਾ ''ਚ ਕਿਸਾਨ ਸਾੜ ਰਹੇ ਹਨ ਪਰਾਲੀ

10/17/2019 12:59:49 PM

ਚੰਡੀਗੜ੍ਹ—ਰਾਜਧਾਨੀ ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਪ੍ਰਦੂਸ਼ਣ ਦਾ ਪੱਧਰ ਵੱਧਣ ਲੱਗਾ ਹੈ। ਧੂੰਏ ਦੀ ਚਿੱਟੀ ਚਾਦਰ ਦਿੱਲੀ-ਐੱਨ. ਸੀ. ਆਰ 'ਚ ਚਾਰੇ ਪਾਸੇ ਨਜ਼ਰ ਆਉਣ ਲੱਗੀ ਹੈ ਪਰ ਪ੍ਰਦੂਸ਼ਣ ਦੀ ਇਹ ਸਮੱਸਿਆ ਸਿਰਫ ਇਸ ਸਾਲ ਦੀ ਨਹੀਂ ਹੈ ਬਲਕਿ ਹਰ ਸਾਲ ਅਕਤੂਬਰ ਮਹੀਨੇ ਤੋਂ ਪ੍ਰਦੂਸ਼ਣ ਦਾ ਪੱਧਰ ਦਿੱਲੀ-ਐੱਨ. ਸੀ. ਆਰ. 'ਚ ਵੱਧਣ ਲੱਗਾ ਹੈ। ਇਸ ਦੇ ਕਈ ਕਾਰਨ ਦੱਸੇ ਜਾਂਦੇ ਹਨ ਪਰ ਇਸ ਦੇ ਵਾਧੇ ਪਿੱਛੇ ਇੱਕ ਵੱਡਾ ਕਾਰਨ ਹੈ ਦਿੱਲੀ ਦੇ ਨੇੜਲੇ ਸੂਬਿਆਂ 'ਚ ਕਿਸਾਨਾਂ ਵੱਲੋਂ ਸਾੜੀ ਜਾ ਰਹੀ ਪਰਾਲੀ ਵੀ ਹੈ। ਇਨ੍ਹਾਂ ਸੂਬਿਆਂ 'ਚ ਯੂ.ਪੀ, ਪੰਜਾਬ ਅਤੇ ਹਰਿਆਣਾ ਸ਼ਾਮਲ ਹਨ।

ਦੱਸਣਯੋਗ ਹੈ ਕਿ ਪਰਾਲੀ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਬਚਿਆ ਹਿੱਸਾ ਹੁੰਦਾ ਹੈ, ਜਿਸ ਦੀਆਂ ਜੜ੍ਹਾਂ ਧਰਤੀ 'ਚ ਹੁੰਦੀਆਂ ਹਨ। ਫਸਲ ਦੀ ਕਟਾਈ ਦੌਰਾਨ ਕਿਸਾਨ ਉੱਪਰਲੇ ਹਿੱਸੇ ਨੂੰ ਕੱਟ ਲੈਂਦਾ ਹੈ ਅਤੇ ਬਾਕੀ ਬਚਿਆ ਹਿੱਸਾ ਜ਼ਮੀਨ 'ਚ ਰਹਿ ਜਾਂਦਾ ਹੈ, ਜੋ ਕਿਸਾਨਾਂ ਲਈ ਬੇਕਾਰ ਹੁੰਦਾ ਹੈ। ਅਜਿਹੇ 'ਚ ਕਿਸਾਨ ਨੂੰ ਅਗਲੀ ਫਸਲ ਬੀਜਣ ਲਈ ਖੇਤ ਖਾਲੀ ਕਰਨੇ ਹੁੰਦੇ ਹਨ, ਜਿਸ ਦੇ ਲਈ ਉਹ ਇਸ ਸੁੱਕੀ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ।

ਅੱਜਕੱਲ ਕਿਸਾਨ ਮਸ਼ੀਨਾਂ ਰਾਹੀਂ ਝੋਨੇ ਦੀ ਫਸਲ ਦੀ ਕਟਾਈ ਕਰਵਾਉਂਦੇ ਹਨ, ਜਿਸ ਕਾਰਨ ਮਸ਼ੀਨਾਂ ਝੋਨੇ ਦਾ ਸਿਰਫ ਉੱਪਰਲਾ ਹਿੱਸਾ ਕੱਟਦੀਆਂ ਹਨ ਪਰ ਹੇਠਲਾ ਹਿੱਸਾ ਪਹਿਲਾਂ ਤੋਂ ਵੀ ਜ਼ਿਆਦਾ ਬਚ ਜਾਂਦਾ ਹੈ, ਜਿਸ ਨੂੰ ਕਿਸਾਨ ਬਾਅਦ 'ਚ ਸਾੜ ਦਿੰਦੇ ਹਨ। ਇਸ ਨੂੰ ਪਰਾਲੀ ਸਾੜ੍ਹਨਾ ਕਹਿੰਦੇ ਹਨ। ਹਾਲਾਂਕਿ ਐੱਨ. ਜੀ. ਟੀ. ਦੇ ਆਦੇਸ਼ ਤੋਂ ਬਾਅਦ ਇਸ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੱਚਾਈ ਇਹ ਹੈ ਕਿ ਕਿਸਾਨ ਹੁਣ ਵੀ ਪਰਾਲੀ ਸਾੜ ਰਹੇ ਹਨ।


Iqbalkaur

Content Editor

Related News