ਦਿੱਲੀ ਪੁਲਸ ਵਲੋਂ ਬਣਾਏ ਰੂਟ ਨਾਲ ਸਹਿਮਤ ਨਹੀਂ, ਰਿੰਗ ਰੋਡ 'ਤੇ ਹੀ ਹੋਵੇਗਾ ਟਰੈਕਟਰ ਮਾਰਚ : ਸਰਵਣ ਸਿੰਘ ਪੰਧੇਰ

1/25/2021 10:49:03 AM

ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 61 ਦਿਨਾਂ ਤੋਂ ਜਾਰੀ ਹੈ। ਕਿਸਾਨਾਂ ਵਲੋਂ 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਿੱਲੀ ਪੁਲਸ ਵਲੋਂ ਜਿਹੜਾ ਰੂਟ ਬਣਾ ਕੇ ਦਿੱਤਾ ਗਿਆ ਹੈ, ਅਸੀਂ ਇਸ ਨਾਲ ਸਹਿਮਤ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅਸੀਂ ਗਣਤੰਤਰ ਦਿਹਾੜਾ ਸ਼ਾਂਤੀਪੂਰਵਕ ਤਰੀਕੇ ਨਾਲ ਮਨਾਵਾਂਗੇ। ਪੰਧੇਰ ਨੇ ਕਿਹਾ ਕਿ ਅਸੀਂ ਰਿੰਗ ਰੋਡ ਤੋਂ ਹੀ ਟਰੈਕਟਰ ਮਾਰਚ ਕੱਢਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਲੋਕਤੰਤਰ 'ਚ ਆਪਣਾ ਪ੍ਰੋਗਰਾਮ ਕਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਰੇਡ ਸਰਕਾਰ ਨੇ ਕਰਨੀ ਹੈ, ਉਹ ਕਰਨ, ਸਾਡਾ ਉਨ੍ਹਾਂ ਵੱਲ ਜਾਣ ਦਾ ਕੋਈ ਇਰਾਦਾ ਨਹੀਂ ਹੈ। ਪੰਧੇਰ ਨੇ ਕਿਹਾ ਕਿ ਜੋ ਐਲਾਨ ਅਸੀਂ ਪਹਿਲਾਂ ਕੀਤਾ ਸੀ, ਉਸ ਅਨੁਸਾਰ ਹੀ ਟਰੈਕਟਰ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਪੂਰੇ ਅਮਨ ਤਰੀਕੇ ਨਾਲ ਟਰੈਕਟਰ ਮਾਰਚ ਕੱਢਿਆ ਜਾਵੇਗਾ ਅਤੇ ਆਪਣੇ ਸਥਾਨ 'ਤੇ ਵਾਪਸ ਲੈ ਕੇ ਆਵਾਂਗੇ। 

ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ 26 ਜਨਵਰੀ ਦੀ ਟਰੈਕਟਰ ਪਰੇਡ ਰਣਨੀਤੀ ਤਿਆਰ (ਵੀਡੀਓ)

ਦੱਸਣਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 28 ਨਵੰਬਰ ਯਾਨੀ 61 ਦਿਨਾਂ ਤੋਂ ਸਿੰਘੂ, ਟਿਕਰੀ, ਗਾਜ਼ੀਪੁਰ ਸਮੇਤ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਟਰੈਕਟਰ ਮਾਰਚ 'ਚ 2 ਲੱਖ ਟਰੈਕਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਲਈ 5 ਰੂਟ ਹੋ ਸਕਦੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਰਾਜਪਥ 'ਤੇ ਗਣਤੰਤਰ ਦਿਵਸ ਸਮਾਰੋਹ ਖ਼ਤਮ ਹੋਣ 'ਤੇ ਦਿਨ ਦੇ 12 ਵਜੇ ਤੋਂ ਬਾਅਦ ਟਰੈਕਟਰ ਮਾਰਚ ਕੱਢਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor DIsha