ਅਨੋਖੀ ਪਹਿਲ : ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਰਪੰਚ ਨੇ ਕਰਵਾਈ ਹਵਾਈ ਸੈਰ
Thursday, Nov 07, 2019 - 01:20 PM (IST)

ਭਿਵਾਨੀ— ਚਰਖੀ ਦਾਦਰੀ ਜ਼ਿਲੇ ਦੇ ਪਿੰਡ ਘਿਕਾੜਾ ਦੇ ਸਰਪੰਚ ਨੇ ਵਾਤਾਵਰਣ ਬਚਾਉਣ ਦੀ ਪਹਿਲ ਕਰਦੇ ਹੋਏ ਪਰਾਲੀ ਨਹੀਂ ਸਾੜਨ ਵਾਲੇ ਕਿਸਾਨਾਂ ਨੂੰ ਹਵਾ ਸੈਰ ਕਰਵਾ ਕੇ ਜਾਗਰੂਕਤਾ ਦਾ ਸੰਦੇਸ਼ ਦਿੱਤਾ ਹੈ। ਹਵਾਈ ਸੈਰ ਕਰਨ ਵਾਲੇ ਕਿਸਾਨਾਂ ਨੇ ਇਸ ਦੌਰਾਨ ਸੰਕਲਪ ਲਿਆ ਕਿ ਉਹ ਹੋਰ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨਗੇ। ਸਰਪੰਚ ਸੋਮੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਪਰਾਲੀ ਨਹੀਂ ਸਾੜਨ ਵਾਲੇ ਕਿਸਾਨਾਂ ਨੂੰ ਹਵਾਈ ਸੈਰ ਕਰਵਾਉਣ ਦਾ ਪਿਛਲੇ ਸਾਲ ਐਲਾਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਪਿੰਡ ਘਿਕਾੜਾ 'ਚ ਪਿਛਲੇ ਦਿਨੀਂ ਪਰਾਲੀ ਨਾ ਸਾੜਨ ਵਲੇ 15 ਕਿਸਾਨਾਂ ਨੂੰ ਹਵਾਈ ਸੈਰ ਕਰਵਾਉਣ ਲਈ ਚੁਣਿਆ ਗਿਆ। ਸਰਪੰਚ ਨੇ ਦੱਸਿਆ ਕਿ ਉ ਪਿਛਲੇ ਸਾਲ ਵੀ ਪਰਾਲੀ ਨਾ ਸਾੜਨ ਵਾਲੇ 25 ਕਿਸਾਨਾਂ ਨੂੰ ਗੁਜਰਾਤ ਦੀ ਹਵਾਈ ਯਾਤਰਾ ਕਰਵਾ ਚੁਕੇ ਹਨ।
ਇਨ੍ਹਾਂ ਥਾਂਵਾਂ 'ਤੇ ਕਰਵਾਈ ਹਵਾਈ ਯਾਤਰਾ
ਉਨ੍ਹਾਂ ਨੇ ਇਸ ਵਾਰ ਵੀ 15 ਕਿਸਾਨਾਂ ਨੂੰ ਹਵਾਈ ਯਾਤਰਾ ਕਰਵਾਈ ਹੈ। ਸਰਪੰਚ ਨੇ ਦੱਸਿਆ ਕਿ 30 ਅਕਤੂਬਰ ਨੂੰ ਇਨ੍ਹਾਂ ਸਾਰੇ ਕਿਸਾਨਾਂ ਨੂੰ ਸਭ ਤੋਂ ਪਹਿਲਾਂ ਹਿਸਾਰ ਦੇ ਅਗਰੋਹਾ ਧਾਮ ਲਿਜਾਇਆ ਗਿਆ। ਉੱਥੇ ਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਫਿਰੋਜ਼ਪੁਰ ਜ਼ਿਲੇ 'ਚ ਹੁਸੈਨੀਵਾਲਾ ਸਥਿਤ ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤੀ ਸਰਹੱਦੀ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਪਰੇਡ ਦੇਖੀ। ਇਸ ਦੀ ਅਗਲੀ ਸਵੇਰ ਉਹ ਸਾਰਿਆਂ ਨੂੰ ਬਠਿੰਡਾ ਤੋਂ ਹਵਾਈ ਮਾਰਗ ਨਾਲ ਜੰਮੂ ਲੈ ਗਏ ਅਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਵਾਏ। ਬੁੱਧਵਾਰ ਨੂੰ ਇਹ ਸਾਰੇ ਕਿਸਾਨ ਵਾਪਸ ਆਪਣੇ ਪਿੰਡ ਘਿਕਾੜਾ ਪਹੁੰਚ ਗਏ। ਕਿਸਾਨਾਂ ਨੇ ਸਰਪੰਚ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।