ਕਿਸਾਨਾਂ ਦੀ ਗੱਲ ਸੁਣਨ ਲਈ ਸਰਕਾਰ ਤਿਆਰ, ਸਾਰੀਆਂ ਗਲਤਫ਼ਹਿਮੀਆਂ ਦੂਰ ਕਰਾਂਗੇ : ਰਾਜਨਾਥ ਸਿੰਘ
Monday, Dec 14, 2020 - 04:00 PM (IST)
ਨਵੀਂ ਦਿੱਲੀ- ਕਿਸਾਨਾਂ ਵਲੋਂ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਨੂੰ ਤੇਜ਼ ਕਰਨ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਜ਼ੋਰ ਦਿੱਤਾ ਕਿ ਖੇਤੀਬਾੜੀ ਖੇਤਰ 'ਜੱਦੀ ਖੇਤਰ' ਹੈ ਅਤੇ ਇਸ ਵਿਰੁੱਧ ਕੋਈ ਵੀ ਉਲਟ ਕਦਮ ਚੁੱਕਣ ਦਾ ਸਵਾਲ ਹੀ ਨਹੀਂ ਉੱਠਦਾ। ਉਦਯੋਗ ਚੈਂਬਰ 'ਫਿੱਕੀ' ਦੀ ਸਾਲਾਨਾ ਆਮ ਬੈਠਕ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਖੇਤੀਬਾੜੀ ਖੇਤਰ 'ਚ ਹਾਲ ਹੀ 'ਚ ਕਿਸਾਨਾਂ ਦੇ ਸਰਵਉੱਚ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਸੁਧਾਰ ਕੀਤੇ ਗਏ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਹਮੇਸ਼ਾ ਚਰਚਾ ਅਤੇ ਵਾਰਤਾ ਲਈ ਤਿਆਰ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਕਾਰਨ ਅੱਜ ਕਈ ਰੂਟ ਬੰਦ, ਦਿੱਲੀ ਆਉਣਾ ਹੈ ਤਾਂ ਇਸ ਰਸਤੇ ਦੀ ਕਰੋ ਵਰਤੋਂ
ਰੱਖਿਆ ਮੰਤਰੀ ਨੇ ਕਿਹਾ,''ਸਾਡੇ ਖੇਤੀਬਾੜੀ ਖੇਤਰ ਵਿਰੁੱਧ ਕਦੇ ਕੋਈ ਉਲਟ ਕਦਮ ਚੁੱਕਣ ਦਾ ਸਵਾਲ ਹੀ ਨਹੀਂ ਉੱਠਦਾ। ਹਾਲ ਦੇ ਸੁਧਾਰਾਂ ਨੂੰ ਭਾਰਤੀ ਕਿਸਾਨਾਂ ਦੇ ਸਰਵਉੱਚ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ।'' ਉਨ੍ਹਾਂ ਨੇ ਕਿਹਾ,''ਹਾਲਾਂਕਿ ਅਸੀਂ ਆਪਣੇ ਕਿਸਾਨ ਭਰਾਵਾਂ ਦੀ ਗੱਲ ਸੁਣਨ ਦੇ ਹਮੇਸ਼ਾ ਇਛੁੱਕ ਹਾਂ, ਉਨ੍ਹਾਂ ਦੇ ਭਰਮ (ਗਲਤਫ਼ਹਿਮੀਆਂ) ਦੂਰ ਕਰਨ ਦਾ ਹਰ ਉਹ ਭਰੋਸਾ ਦੇਣ ਨੂੰ ਤਿਆਰ ਹਾਂ, ਜੋ ਕਿ ਅਸੀਂ ਦੇ ਸਕਦੇ ਹਾਂ। ਸਾਡੀ ਸਰਕਾਰ ਹਮੇਸ਼ਾ ਵਾਰਤਾ ਅਤੇ ਚਰਚਾ ਲਈ ਤਿਆਰ ਹੈ।'' ਰਾਜਨਾਥ ਨੇ ਕਿਹਾ ਕਿ ਖੇਤੀਬਾੜੀ ਇਕ ਅਜਿਹਾ ਖੇਤਰ ਹੈ, ਜੋ ਕੋਰੋਨਾ ਵਾਇਰਸ ਲਾਗ਼ ਦੇ ਪ੍ਰਤੀਕੂਲ ਪ੍ਰਭਾਵਾਂ ਤੋਂ ਬਚਣ 'ਚ ਸਮਰੱਥ ਰਿਹਾ। ਉਨ੍ਹਾਂ ਨੇ ਕਿਹਾ,''ਸਾਡੀਆਂ ਫਸਲਾਂ ਅਤੇ ਉਨ੍ਹਾਂ ਦੀ ਖ਼ਰੀਦ ਚੰਗੀ ਮਾਤਰਾ 'ਚ ਹੈ ਅਤੇ ਸਾਡੇ ਗੋਦਾਮ ਭਰੇ ਹੋਏ ਹਨ।'' ਦੱਸਣਯੋਗ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ 2 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ : ਕੋਈ ਵਾਇਰਸ ਸਾਡੇ ਹਥਿਆਰਬੰਦ ਦਸਤਿਆਂ ਨੂੰ ਡਿਊਟੀ ਕਰਨ ਤੋਂ ਨਹੀਂ ਰੋਕ ਸਕਦਾ: ਰਾਜਨਾਥ
ਨੋਟ : ਰਾਜਨਾਥ ਨੇ ਕਿਹਾ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ, ਕੁਮੈਂਟ ਬਾਕਸ 'ਚ ਦਿਓ ਆਪਣਾ ਜਵਾਬ