ਕਿਸਾਨ ਆਗੂਆਂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, MSP ਸਮੇਤ ਕਿਸਾਨੀ ਮੁੱਦਿਆਂ ''ਤੇ ਚਰਚਾ ਜਾਰੀ

Tuesday, Aug 06, 2024 - 06:11 PM (IST)

ਕਿਸਾਨ ਆਗੂਆਂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, MSP ਸਮੇਤ ਕਿਸਾਨੀ ਮੁੱਦਿਆਂ ''ਤੇ ਚਰਚਾ ਜਾਰੀ

ਨੈਸ਼ਨਲ ਡੈਸਕ : ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ 11 ਕਿਸਾਨ ਆਗੂਆਂ ਦਾ ਵਫ਼ਦ ਮੰਗਲਵਾਰ ਸ਼ਾਮ ਰਾਹੁਲ ਗਾਂਧੀ ਨੂੰ ਮਿਲਿਆ। ਕਿਸਾਨ ਆਗੂਆਂ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਸੰਸਦ ਭਵਨ ਵਿੱਚ ਰਾਹੁਲ ਗਾਂਧੀ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਸਾਰੀਆਂ ਫਸਲਾਂ 'ਤੇ ਐੱਮਐੱਸਪੀ ਦੀ ਮੰਗ ਸਮੇਤ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਦੇ ਮੁੱਦੇ 'ਤੇ ਮੰਥਨ ਚੱਲ ਰਿਹਾ ਹੈ।

ਸੰਯੁਕਤ ਕਿਸਾਨ ਮੋਰਚਾ ਅਤੇ ਸਰਵ ਸੇਵਾ ਸੰਘ ਦੇ 11 ਮੈਂਬਰੀ ਵਫ਼ਦ ਨੇ ਮੰਗਲਵਾਰ ਸ਼ਾਮ ਨੂੰ ਸੰਸਦ ਭਵਨ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਹ ਕਿਸਾਨ ਆਗੂ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ ਹੋਏ ਹਨ। ਇਨ੍ਹਾਂ ਕਿਸਾਨਾਂ ਦੀਆਂ ਕਈ ਮੰਗਾਂ ਹਨ ਜਿਸ ਨੂੰ ਲੈ ਕੇ ਉਹ ਰਾਹੁਲ ਗਾਂਧੀ ਨੂੰ ਮਿਲ ਰਹੇ ਹਨ। ਇਸ 'ਚ ਸਭ ਤੋਂ ਮਹੱਤਵਪੂਰਨ ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦੀ ਗਾਰੰਟੀ ਹੈ। ਕਿਸਾਨ ਜਥੇਬੰਦੀਆਂ ਵੀ ਫ਼ਸਲੀ ਕਰਜ਼ਾ ਮੁਆਫ਼ੀ ਦੀ ਮੰਗ ਕਰ ਰਹੀਆਂ ਹਨ।

ਰਾਹੁਲ ਗਾਂਧੀ ਨੂੰ ਮਿਲਣ ਵਾਲੇ ਕਿਸਾਨ ਆਗੂਆਂ ਵਿੱਚ ਯੋਗਿੰਦਰ ਯਾਦਵ, ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ, ਸੁਨੀਲਮ, ਸਤਿਆਵਾਨ, ਹਨਨ ਮੋਲਾ, ਰੰਜਨ ਰਾਮਚੰਦਰ ਕਸ਼ੀਰਸਾਗਰ, ਪ੍ਰੇਮ ਸਿੰਘ ਗਹਿਲਾਵਤ, ਅਵਿਕ ਸਾਹਾ, ਤਜਿੰਦਰ ਸਿੰਘ, ਰਮਿੰਦਰ ਸਿੰਘ ਸ਼ਾਮਲ ਸਨ। ਇਹ ਕਿਸਾਨ ਆਗੂ ਨਵੰਬਰ 2021 ਵਿੱਚ ਖ਼ਤਮ ਹੋਏ 3 ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ 1.0 ਨਾਲ ਜੁੜੇ ਹੋਏ ਸਨ।

ਇਸ ਤੋਂ ਪਹਿਲਾਂ ਹਾਲ ਹੀ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿੱਚ ਕਿਸਾਨਾਂ ਦੇ ਇੱਕ ਸਮੂਹ ਨੇ ਸੰਸਦ ਕੰਪਲੈਕਸ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ 'ਤੇ ਉਨ੍ਹਾਂ ਦਾ ਸਮਰਥਨ ਮੰਗਿਆ ਸੀ। ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਸਾਨਾਂ ਨੂੰ ਕਿਹਾ ਹੈ ਕਿ ਜੇਕਰ ਉਹ ਸੱਤਾ 'ਚ ਆਉਂਦੇ ਹਨ ਤਾਂ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਲਿਆਉਣਗੇ।

ਕਿਸਾਨ ਜਥੇਬੰਦੀਆਂ 13 ਫਰਵਰੀ 2024 ਤੋਂ ਐੱਮਐੱਸਪੀ ਕਾਨੂੰਨ, ਬਜ਼ੁਰਗ ਕਿਸਾਨਾਂ ਨੂੰ ਪੈਨਸ਼ਨ, ਕਰਜ਼ਾ ਮੁਆਫ਼ੀ ਅਤੇ ਕਿਸਾਨਾਂ ਦੇ ਹੋਰ ਮੁੱਦਿਆਂ ਨੂੰ ਲੈ ਕੇ ਅੰਦੋਲਨ ਕਰ ਰਹੀਆਂ ਹਨ। ਕਿਸਾਨ ਅਜੇ ਵੀ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ 'ਤੇ ਖੜ੍ਹੇ ਹਨ। ਸਰਕਾਰ ਦੇ ਨੁਮਾਇੰਦਿਆਂ ਅਤੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਉਹ ਬੇਸਿੱਟਾ ਰਹੀ ਕਿਉਂਕਿ ਕਿਸਾਨ ਜਥੇਬੰਦੀਆਂ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦੇਣ ਤੋਂ ਇਲਾਵਾ ਕਿਸੇ ਵੀ ਗੱਲ ਲਈ ਸਹਿਮਤ ਨਹੀਂ ਹਨ।


author

Baljit Singh

Content Editor

Related News