ਕਿਸਾਨਾਂ ਦੀ ਅਮਿਤ ਸ਼ਾਹ ਨਾਲ ਬੈਠਕ ਵੀ ਬੇਸਿੱਟਾ, ਬਿੱਲ ਵਾਪਸ ਲੈਣ ਨੂੰ ਤਿਆਰ ਨਹੀਂ ਸਰਕਾਰ

Tuesday, Dec 08, 2020 - 11:14 PM (IST)

ਨਵੀਂ ਦਿੱਲੀ - ਖੇਤੀ ਕਾਨੂੰਨਾਂ ਸਬੰਧੀ ਕਿਸਾਨ ਆਗੂਆਂ ਅਤੇ ਅਮਿਤ ਸ਼ਾਹ ਵਿਚਾਲੇ ਸਵਾ ਦੋ ਘੰਟੇ ਚੱਲੀ ਬੈਠਕ ਹੁਣ ਖ਼ਤਮ ਹੋ ਗਈ ਹੈ ਪਰ ਇਸ ਬੈਠਕ ਵਿੱਚ ਵੀ ਕੋਈ ਨਤੀਜਾ ਨਹੀਂ ਨਿਕਲਿਆ। ਬੈਠਕ ਤੋਂ ਬਾਅਦ ਬਾਹਰ ਆਏ ਕਿਸਾਨ ਆਗੂ ਨੇ ਦੱਸਿਆ ਕਿ ਸਰਕਾਰ ਖੇਤੀਬਾੜੀ ਕਾਨੂੰਨ ਨੂੰ ਵਾਪਸ ਲੈਣ ਲਈ ਤਿਆਰ ਨਹੀਂ ਹੈ। ਅਸੀਂ ਕੱਲ ਬੁੱਧਵਾਰ ਨੂੰ 12 ਵਜੇ ਬੈਠਕ ਕਰਕੇ ਫੈਸਲਾ ਲਵਾਂਗੇ। ਪਹਿਲਾਂ ਇਹ ਬੈਠਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਹੋਣੀ ਸੀ ਪਰ ਇਸ ਨੂੰ ਲੈ ਕੇ ਕੁਝ ਕਿਸਾਨ ਆਗੂਆਂ ਨੇ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਆਖ਼ਰੀ ਸਮੇਂ 'ਤੇ ਬੈਠਕ ਦੀ ਜਗ੍ਹਾ ਬਦਲ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਬੈਠਕ ਹੁਣ ਇੰਡੀਅਨ ਕਾਉਂਸਿਲ ਆਫ ਐਗ੍ਰੀਕਲਚਰਲ ਰਿਸਰਚ (ICAR) ਦੇ ਗੈਸਟ ਹਾਊਸ ਵਿਚ ਹੋਵੇਗੀ। ਉਥੇ ਹੀ ਇਸ ਦੌਰਾਨ ਬੈਠਕ ਲਈ ਜਗ੍ਹਾ ਬਦਲਣ ਤੋਂ ਕਿਸਾਨ ਆਗੂ ਨਾਰਾਜ਼ ਹੋ ਗਏ। ਨਾਰਾਜ਼ ਹੋਏ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਾਨੂੰ ਬੈਠਕ ਲਈ ਕੰਫਿਊਜ਼ ਕੀਤਾ ਜਾ ਰਿਹਾ ਹੈ ਅਤੇ ਅਸੀਂ ਵਾਪਸ ਸਿੰਘੂ ਬਾਰਡਰ ਜਾ ਰਹੇ ਹਾਂ।  ਕਿਸਾਨ ਆਗੂਆਂ ਨਾਲ ਹੋਣ ਵਾਲੀ ਬੈਠਕ ਤੋਂ ਪਹਿਲਾਂ ਅਮਿਤ ਸ਼ਾਹ ਨੇ ਦਿੱਲੀ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਇਹ ਬੈਠਕ ਕਰੀਬ ਅੱਧੇ ਘੰਟੇ ਤੱਕ ਚੱਲੀ। 

ਸਰਕਾਰ ਕੱਲ ਲਿਖਤੀ ਦੇਵੇਗੀ ਪ੍ਰਸਤਾਵ
ਬੈਠਕ ਦੇ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕੱਲ ਪ੍ਰਸਤਾਵ ਦੇਵੇਗੀ। ਗ੍ਰਹਿ ਮੰਤਰੀ ਨੇ ਲਿਖਤੀ ਵਿੱਚ ਪ੍ਰਸਤਾਵ ਦੇਣ ਦੀ ਗੱਲ ਕਹੀ ਹੈ। ਪ੍ਰਸਤਾਵ 'ਤੇ ਕਿਸਾਨ ਵਿਚਾਰ ਕਰਨਗੇ। ਕਿਸਾਨ ਆਗੂ ਹਨਨ ਮੁੱਲਾ ਨੇ ਕਿਹਾ ਕਿ ਸੋਧ ਲਈ ਸਰਕਾਰ ਲਿਖਤੀ ਪ੍ਰਸਤਾਵ ਦੇਵੇਗੀ। ਯਾਨੀ ਕਿ ਅੱਜ ਦੀ ਬੈਠਕ ਵੀ ਬੇਨਤੀਜਾ ਰਹੀ ਹੈ। ਹਨਨ ਮੁੱਲਾ ਨੇ ਇਹ ਵੀ ਕਿਹਾ ਕਿ ਕੱਲ ਸਰਕਾਰ ਦੇ ਨਾਲ ਹੋਣ ਵਾਲੀ ਬੈਠਕ ਨਹੀਂ ਹੋਵੇਗੀ।

ਦੱਸ ਦਈਏ ਕਿ ਇਸ ਮੀਟਿੰਗ 'ਚ 13 ਕਿਸਾਨ ਆਗੂ ਸ਼ਾਮਲ ਹੋਣਗੇ, ਜਿੰਨ੍ਹਾਂ 'ਚ ਰਾਕੇਸ਼ ਟਿਕੈਤ ਯੂ.ਪੀ, ਗੁਰਨਾਮ ਸਿੰਘ ਚੜੂਲੀ ਹਰਿਆਣਾ, ਹਰਨਨ ਮੁੱਲਾ ਬੰਗਾਲ, ਸ਼ਿਵਕੁਮਾਰ ਕੱਕਾ ਮੱਧ ਪ੍ਰਦੇਸ਼, ਬਲਬੀਰ ਸਿੰਘ ਰਾਜੇਵਾਲ, ਪੰਜਾਬ, ਜਗਜੀਤ ਸਿੰਘ ਡੱਲੇਵਾਲ ਪੰਜਾਬ, ਰੂਦਰ ਸਿੰਘ ਮਾਨਸਾ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਰਾਏ, ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨ ਪਾਲ, ਬਲਵੰਤ ਸਿੰਘ ਸੰਧੂ ਅਤੇ ਬੁੱਧ ਸਿੰਘ ਮਾਨਸਾ ਸ਼ਾਮਲ ਹੋਣਗੇ। ਪ੍ਰੈਸ ਕਾਨਫਰੰਸ ਕਰਨ ਉਪਰੰਤ ਉਕਤ ਕਿਸਾਨ ਆਗੂ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਵੱਲ ਰਵਾਨਾ ਹੋ ਗਏ ਹਨ। ਸਿੱਘੂ ਸਰਹੱਦ 'ਤੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਸਾਨ ਆਗੂ ਰੂਦਰ ਸਿੰਘ ਮਨਸਾ ਨੇ ਕਿਹਾ, 'ਅੱਜ ਦੀ ਬੈਠਕ ਵਿੱਚ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਿਰਫ ਹਾਂ ਜਾਂ ਨਾਂਹ ਦੀ ਮੰਗ ਕਰਾਂਗੇ।'

ਉਥੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਇਸ ਬੈਠਕ ਲਈ ਕੋਈ ਸੱਦਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੁੱਝ ਜੱਥੇਬੰਦੀਆਂ ਨੂੰ ਅਜਿਹੀ ਕਿਸੇ ਵੀ ਗੈਰ ਰਸਮੀ ਗੱਲਬਾਤ ਵਿੱਚ ਇਕੱਲਿਆਂ ਨਹੀਂ ਸੀ ਜਾਣਾ ਚਾਹੀਦਾ, ਇਸ ਨਾਲ ਲੋਕਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਭੁਲੇਖੇ ਪੈਦਾ ਹੋਣ ਦਾ ਖਦਸ਼ਾ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਹੱਲਾ ਬੋਲ ਜਾਰੀ ਹੈ। ਦਿੱਲੀ ਬਾਰਡਰ 'ਤੇ 13 ਦਿਨਾਂ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਭਾਰਤ ਬੰਦ ਬੁਲਾਇਆ ਸੀ। ਕਿਸਾਨ ਸੰਗਠਨਾਂ ਨੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਭਾਰਤ ਬੰਦ ਦਾ ਐਲਾਨ ਕੀਤਾ ਸੀ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਦੀ ਗੱਲ ਕਹੀ ਸੀ। ਹਾਲਾਂਕਿ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦੋ ਦਰਜਨ ਤੋਂ ਜ਼ਿਆਦਾ ਰਾਜਨੀਤਕ ਦਲਾਂ ਨੇ ਵੀ ਭਾਰਤ ਬੰਦ ਦਾ ਸਮਰਥਨ ਕੀਤਾ। ਕਿਸਾਨ ਜੱਥੇਬੰਦੀਆਂ ਨੇ ਦਿੱਲੀ, ਯੂ.ਪੀ., ਹਰਿਆਣਾ ਅਤੇ ਪੰਜਾਬ ਦੀਆਂ ਸਰਹੱਦਾਂ 'ਤੇ ਵਿਆਪਕ ਪ੍ਰਦਰਸ਼ਨ ਕੀਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News