ਕਿਸਾਨ ਅੰਦੋਲਨ 'ਚ 'ਖੂੰਡੇ ਆਲਾ ਬਾਬਾ' ਦੇ ਨਾਂ ਨਾਲ ਮਸ਼ਹੂਰ ਜਾਣੋ ਕੌਣ ਹਨ ਰੁਲਦੂ ਸਿੰਘ ਮਾਨਸਾ

01/23/2021 5:25:40 PM

ਨਵੀਂ ਦਿੱਲੀ– ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਕੜਾਕੇ ਦੀ ਠੰਡ ’ਚ ਦਿੱਲੀ ਦੀਆਂ ਬਰੂਹਾਂ ’ਤੇ ਲਗਭਗ 2 ਮਹੀਨੇ ਤੋਂ ਅੰਦੋਲਨ ਕਰ ਰਹੇ ਹਨ। ਹੁਣ ਤਕ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ 11 ਬੈਠਕਾਂ ਹੋ ਚੁੱਕੀਆਂ ਹਨ ਪਰ ਅਜੇ ਤਕ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ। ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਹੋਈ ਬੈਠਕ ਤੋਂ ਪਹਿਲਾਂ ਦਿੱਲੀ ਪੁਲਸ ਵਲੋਂ ਕੁਝ ਕਿਸਾਨ ਆਗੂਆਂ ਨੂੰ ਨਾਕੇ ’ਤੇ ਰੋਕਿਆ ਗਿਆ ਸੀ। ਇਨ੍ਹਾਂ ’ਚੋਂ ਇਕ ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਕਾਰ ’ਤੇ ਦਿੱਲੀ ਪੁਲਸ ਵਲੋਂ ਹਮਲਾ ਵੀ ਕੀਤਾ ਗਿਆ ਜਿਸ ਵਿਚ ਉਨ੍ਹਾਂ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਇਸ ਮਗਰੋਂ ਵਿਗਿਆਨ ਭਵਨ ਬਾਹਰ ਪਹੁੰਚੇ ਮਾਨਸਾ ਨਾਰਾਜ਼ ਹੋ ਕੇ ਆਪਣੀ ਗੱਡੀ 'ਚ ਹੀ ਬੈਠੇ ਰਹੇ ਤੇ ਉਨ੍ਹਾਂ ਨੇ ਅੱਜ ਦੀ ਬੈਠਕ 'ਚ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਬਲਬੀਰ ਸਿੰਘ ਰਾਜੇਵਾਲ ਉਨ੍ਹਾਂ ਨੂੰ ਮਨਾ ਕੇ ਵਿਗਿਆਨ ਭਵਨ ਅੰਦਰ ਲੈ ਕੇ ਗਏ। ਕਿਸਾਨ ਆਗੂਆਂ ਨੇ ਇਹ ਮੁੱਦਾ ਬੈਠਕ ਦੌਰਾਨ ਸਰਕਾਰ ਅੱਗੇ ਵੀ ਚੁੱਕਿਆ। 

ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਵਲੋਂ ਜਿਸ ਕਿਸਾਨ ਆਗੂ ਦੀ ਕਾਰ ਦਾ ਸ਼ੀਸ਼ਾ ਤੋੜਿਆ ਗਿਆ ਉਨ੍ਹਾਂ ਦਾ ਨਾਂ ਰੁਲਦੂ ਸਿੰਘ ਮਾਨਸਾ ਹੈ। ਰੁਲਦੂ ਸਿੰਘ ਮਾਨਸਾ ਓਹੀ ਆਗੂ ਹਨ ਜਿਹੜੇ 8 ਦਸੰਬਰ ਨੂੰ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਗਏ ਤਾਂ ਰਸਤੇ ’ਚ ਉਨ੍ਹਾਂ ਦੀ ਗੱਡੀ ਤੋਂ ਦੱਲੀ ਪੁਲਸ ਦੇ ਇਕ ਅਧਿਕਾਰੀ ਨੇ ਕਸਾਨੀ ਝੰਡਾ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੱਸੇ ’ਚ ਆ ਗਏ ਤੇ ਅਮਿਤ ਸ਼ਾਹ ਨਾਲ ਬੈਠਕ ਨਾ ਕਰਨ ਦਾ ਫੈਸਲਾ ਕਰ ਦਿੱਤਾ ਪਰ ਜਲਦੀ ਹੀ ਪੁਲਸ ਵਾਲੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਜਿਸ ਤੋਂ ਬਾਅਦ ਪੁਲਸ ਵਾਲੇ ਨੇ ਉਨ੍ਹਾਂ ’ਤੋਂ ਮੁਆਫੀ ਮੰਗੀ ਤੇ ਇਸ ਉਪਰੰਤ ਉਹ ਬੈਠਕ ’ਚ ਸ਼ਾਮਲ ਹੋਏ। 

ਕੌਣ ਹੈ ਰੁਲਦੂ ਸਿੰਘ ਮਾਨਸਾ
ਮਾਨਸਾ ਦੇ ਜੰਮਪਲ 68 ਸਾਲਾ ਉੱਘੇ ਕਿਸਾਨ ਆਗੂ ਰੁਲਦੂ ਸਿੰਘ ਦੀ ਪੂਰੀ ਜਵਾਨੀ ਅੰਦੋਲਨਾਂ ਅਤੇ ਸ਼ੰਘਰਸ਼ਾਂ ’ਚ ਹੀ ਬੀਤੀ ਹੈ। ਉਨ੍ਹਾਂ ਨੇ 27 ਸਾਲ ਦੀ ਉਮਰ ’ਚ ਕਿਸਾਨੀ ਸੰਘਰਸ਼ ਦਾ ਝੰਡਾ ਚੁੱਕ ਲਿਆ ਸੀ। ਉਨ੍ਹਾਂ ਨੇ ਪਹਿਲੀ ਵਾਰ 6 ਮਾਰਚ 1979 ਨੂੰ ਪੰਜਾਬ ’ਚ ਦੁੱਧ ਦੇ ਫੈਟ ਰੇਟ ਵਧਾਉਣ ਲਈ ਚਲੇ ਅੰਦੋਲਨ ’ਚ ਸ਼ਮੂਲੀਅਤ ਕੀਤੀ ਸੀ। ਰੁਲਦੂ ਸਿੰਘ ਅੰਦਲੋਨਾਂ ਕਾਰਨ ਕਈ ਵਾਰ ਜੇਲ੍ਹ ਵੀ ਜਾ ਚੁੱਕੇ ਹਨ। 1984 ’ਚ ਆਪਰੇਸ਼ਨ ਬਲਿਊ ਸਟਾਰ ਮੌਕੇ ਪੂਰੇ ਪੰਜਾਬ ’ਚ ਕਰਫਿਊ ਲਾਏ ਜਾਣ ਖ਼ਿਲਾਫ਼ ਕਿਸਾਨਾਂ ਨੇ ਤਹਿਸੀਲ ਪੱਧਰੀ ਧਰਨੇ ਦਿੱਤੇ ਸਨ। ਉਸ ਮੌਕੇ ਕਿਸਾਨ ਯੂਨੀਅ ਵਲੋਂ ਉਨ੍ਹਾਂ ਨੂੰ ਧਰਨੇ ਦੀ ਅਗਵਾਈ ਸੌਂਪੀ ਗਈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਜੱਥੇ ਸਮੇਤ ਤਿੰਨ ਮਹੀਨੇ ਬਠਿੰਡਾ ਜੇਲ੍ਹ ’ਚ ਗੁਜ਼ਾਰੇ ਸਨ। 

ਜਥੇਬੰਦੀ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਵੇਖਦੇ ਹੋਏ ਰੁਲਦੂ ਸਿੰਘ ਮਾਨਸਾ ਨੂੰ ਉਸ ਸਮੇਂ ਜ਼ਿਲ੍ਹਾ ਬਠਿੰਡਾ ਦਾ ਸੀਨੀਅਮ ਮੀਤ ਪ੍ਰਧਾਨ ਚੁਣਿਆ ਗਿਆ। ਰੁਲਦੂ ਸਿੰਘ ਨੇ ਬਹੁਤ ਸਾਰੇ ਕਿਸਾਨ ਅੰਦੋਲਨ ਲੜੇ ਅਤੇ ਉਨ੍ਹਾਂ ਨੂੰ ਜਿੱਤ ਤਕ ਪਹੁੰਚਾਇਆ। ਉਨ੍ਹਾਂ ਨੇ ਲੱਖੋਵਾਲ ਦੀ ਅਗਵਾਈ ’ਚ ਭਾਰਤੀ ਕਿਸਾਨ ਯੂਨੀਅਨ ’ਚ 15 ਸਾਲ ਕੰਮ ਕੀਤਾ। ਲੱਖੋਵਾਲ ਨਾਲ ਵਿਚਾਰਧਾਰਾ ’ਚ ਮਤਭੇਦ ਆਉਣ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਬਣਾਉਣ ’ਚ ਅਹਿਮ ਭੁਮਿਕਾ ਨਿਭਾਈ ਜਿਸ ਵਿਚ ਉਨ੍ਹਾਂ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ। 

2004 ’ਚ ਤਪਾ ਮੰਡੀ ਵਿਖੇ ਕੁਝ ਲੱਠਮਾਰ ਆੜ੍ਹਤੀਆਂ ਵਲੋਂ ਧਨਾਕਾਰੀ ਕਿਸਾਨਾਂ ’ਤੇ ਕੀਤੇ ਹਮਲੇ ਖ਼ਿਲਾਫ਼ ਮਾਲਵੇ ’ਚ ਚੱਲੇ ਤਪਾ ਘੋਲ ਦੀ ਅਗਵਾਈ ਵੀ ਰੁਲਦੂ ਸਿੰਘ ਮਾਨਸਾ ਨੇ ਕੀਤੀ। ਉਸ ਸਮੇਂ ਵੀ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਉਸ ਵਲੋਂ ਤਪਾ ਮੰਡੀ ਵਿਖੇ ਰੱਖੀ ਗਈ ਰੈਲੀ ’ਤੇ ਪਾਬੰਦੀ ਲਗਾ ਦਿੱਤੀ ਗਈ। ਪਾਬੰਦੀ ਦੇ ਬਾਵਜੂਦ ਰੈਲੀ ਕਰਨ ਕਾਰਣ ਸੈਂਕੜੇ ਗ੍ਰਿਫਤਾਰੀਆਂ ਹੋਈਆਂ। ਉਸ ਸਮੇਂ ਵੀ ਰੁਲਦੂ ਸਿੰਘ ਕਾਫੀ ਸਮਾਂ ਜੇਲ੍ਹ ’ਚ ਰਹੇ। ਇਸ ਤੋਂ ਬਾਅਦ ਅੰਤ ਉਨ੍ਹਾਂ ਨੇ ਆਪਣੇ ਸਮੂਹ ਹਮਖਿਆਲ ਕਿਸਾਨ ਵਰਕਰਾਂ ਦੇ ਸਹਿਯੋਗ ਨਾਲ 2006 ’ਚ ‘ਪੰਜਾਬ ਕਿਸਾਨ ਯੂਨੀਅਨ’ ਦੀ ਸਥਾਪਨਾ ਕੀਤੀ। ਉਨ੍ਹਾਂ ਦੇ ਦਿਲ ’ਚ ਕਿਸਾਨਾਂ ਪ੍ਰਤੀ ਅਥਾਹ ਦਰਦ ਹੈ ਅਤੇ ਉਹ ਕਰਜ਼ੇ ਕਾਰਨ ਹੁੰਦੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਪ੍ਰਤੀ ਹਮੇਸ਼ਾ ਬਹੁਤ ਗੰਭੀਰ ਅਤੇ ਚਿੰਤਤ ਰਹਿੰਦੇ ਹਨ। ਉਨ੍ਹਾਂ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਰੋਕਥਾਮ ਅਤੇ ਕਿਸਾਨਾਂ ਦੇ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ੇ ਮੁਆਫ ਕਰਨ ਦੀ ਮੰਗ ਨੂੰ ਪੂਰੇ ਜ਼ੋਰ ਨਾਲ ਉਭਾਰਿਆ। ਉਨ੍ਹਾਂ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਨਸਾ ਵਿਖੇ ਕਰਜ਼ਾ ਮੁਕਤੀ ਮੋਰਚਾ ਖੋਲ੍ਹਿਆ, ਜੋ ਕਿ ਲਗਭਗ 11 ਮਹੀਨਿਆਂ ਤਕ ਚੱਲਿਆ। 

ਮਈ 2010 ’ਚ ਪਟਨਾ ਵਿਖੇ ਹੋਈ ਕੁਲ ਹਿੰਦ ਕਿਸਾਨ ਮਹਾਂਸਭਾ ਦੀ ਆਲ ਇੰਡੀਆ ਡੈਲੀਗੇਟ ਕਾਨਫਰੰਟ ਵਲੋਂ ਰੁਲਦੂ ਸਿੰਘ ਨੂੰ ਜਥੇਬੰਦੀ ਦਾ ਕੌਮੀ ਪ੍ਰਧਾਨ ਚੁਣਿਆ ਗਿਆ। ਉਸ ਤੋਂ ਬਾਅਦ ਦੁਬਾਰਾ ਫਿਰ ਉਨ੍ਹਾਂ ਨੂੰ ਸਰਬਸੰਮਤੀ ਨਾਲ 2013 ਅਤੇ 2017 ’ਚ ਕੁਲ ਹਿੰਦ ਕਿਸਾਨ ਮਹਾਂਸਭਾ ਦਾ ਕੌਮੀ ਪ੍ਰਧਾਨ ਬਣਾਇਆ ਗਿਆ। ਉਹ ਕਿਸਾਨ ਅੰਦੋਲਨ ’ਚ ਕਰੀਬ 24 ਵਾਰ ਜੇਲ੍ਹ ਜਾ ਚੁੱਕੇ ਹਨ ਅਤੇ ਕੁਲ ਮਿਲਾ ਕੇ ਲਗਭਗ 2 ਸਾਲ ਜੇਲ੍ਹ ਕੱਟ ਚੁੱਕੇ ਹਨ। ਇਸ ਤੋਂ ਇਲਾਵਾ 2 ਦਰਜਨ ਪੁਲਸ ਕੇਸਾਂ ਦਾ ਸਾਹਮਣਾ ਕਰ ਚੁੱਕੇ ਹਨ। ਇਨ੍ਹਾਂ ’ਚ ਉਨ੍ਹਾਂ ਨੂੰ 13 ਹੋਰ ਕਿਸਾਨ ਆਗੂਆਂ ਤੇ ਵਰਕਰਾਂ ਸਮੇਤ ਤਿੰਨ ਸਾਲ ਦੀ ਸਜ਼ਾ ਵੀ ਹੋਈ ਹੈ। ਇਹ ਕੇਸ ਅਜੇ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪੈਂਡਿੰਗ ਹੈ। 

ਮੋਦੀ ਸਰਕਾਰ ਵਲੋਂ ਜੂਨ 2020 ’ਚ ਤਿੰਨ ਨਵੇਂ ਖੇਤੀ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਹੁਣ ਇਕ ਵਾਰ ਫਿਰ ਰੁਲਦੂ ਸਿੰਘ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਮੋਰਚੇ ’ਤੇ ਡਟੇ ਹੋਏ ਹਨ। ਕਿਸਾਨ ਆਗੂ ਰੁਲਦੂ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁਰਖਾਂ ਦਾ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਨਾਲ ਟਾਕਰਾ ਹੋਇਆ ਸੀ ’ਤੇ ਹੁਣ ਸਾਡਾ ਮੋਦੀ, ਅਮਿਤ ਸ਼ਾਹ ਅਤੇ ਵਰਲਡ ਟਰੇਡ ਆਰਗਨਾਈਜੇਸ਼ਨ ਨਾਲ ਟਾਕਰਾ ਹੈ। ਇਸ ਲਈ ਇਹ ਲੜਾਈ ਸਾਡੀ ਹੋਂਦ ਦੀ ਲੜਾਈ ਹੈ, ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਦੀ ਲੜਾਈ ਹੈ। ਉਹ ਇਸ ਲੜਾਈ ’ਚ ਆਪਣਾ ਖੂੰਡਾ ਲੈ ਕੇ ਉਤਰੇ ਹੋਏ ਹਨ ਅਤੇ ਇਸ ਲੜਾਈ ਨੂੰ ਜਿੱਤ ਕੇ ਹੀ ਪੰਜਾਬ ਮੁੜਨਗੇ। 


Rakesh

Content Editor

Related News