3 ਘੰਟਿਆਂ ਬਾਅਦ ਸ਼ਾਂਤੀਪੂਰਨ ਢੰਗ ਨਾਲ ਖ਼ਤਮ ਹੋਇਆ ਕਿਸਾਨਾਂ ਦਾ 'ਚੱਕਾ ਜਾਮ'

02/06/2021 3:29:10 PM

ਨਵੀਂ ਦਿੱਲੀ- ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਭਰ 'ਚ ਕਿਸਾਨਾਂ ਵਲੋਂ ਕੀਤਾ ਗਿਆ ਚੱਕਾ ਜਾਮ 3 ਘੰਟਿਆਂ ਬਾਅਦ ਖ਼ਤਮ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਚੱਕਾ ਜਾਮ ਖ਼ਤਮ ਕੀਤੇ ਜਾਣ ਦਾ ਐਲਾਨ ਕੀਤਾ। ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ 'ਚ ਚੱਕਾ ਜਾਮ ਦਾ ਅਸਰ ਦੇਖਣ ਨੂੰ ਮਿਲਿਆ। ਸੰਯੁਕਤ ਕਿਸਾਨ ਮੋਰਚਾ ਨੇ ਅੱਜ ਯਾਨੀ ਸ਼ਨੀਵਾਰ ਨੂੰ ਦਿੱਲੀ-ਐੱਨ.ਸੀ.ਆਰ., ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਨੂੰ ਛੱਡ ਕੇ ਦੇਸ਼ ਭਰ 'ਚ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਚੱਕਾ ਜਾਮ ਕੀਤਾ ਸੀ। ਜਾਮ ਲਗਾਉਣ ਕਾਰਨ ਸੜਕਾਂ 'ਤੇ ਸੰਨਾਟਾ ਪਸਰਿਆ ਰਿਹਾ। ਇਸ ਦੌਰਾਨ ਕਿਸਾਨਾਂ ਵਲੋਂ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਸਮੇਤ ਹੋਰ ਕਾਫ਼ੀ ਥਾਂਵਾਂ 'ਤੇ ਰਸਤੇ ਰੋਕ ਦਿੱਤੇ ਗਏ। ਇਸ ਦੌਰਾਨ ਕਿਸਾਨਾਂ ਨੇ ਸੜਕਾਂ 'ਤੇ ਬੈਠ ਕੇ ਰਸਤਾ ਜਾਮ ਕੀਤਾ।

ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਦੇ ਐਲਾਨ 'ਤੇ 'ਚੱਕਾ ਜਾਮ', ਪੰਜਾਬ ਤੋਂ ਰਾਜਸਥਾਨ ਤੱਕ ਰੋਕੇ ਰਸਤੇ

ਚੱਕਾ ਜਾਮ ਦੇ ਮੱਦੇਨਜ਼ਰ ਦਿੱਲੀ 'ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਦਿੱਲੀ ਦੇ ਅੰਦਰ ਅਤੇ ਸਰਹੱਦਾਂ 'ਤੇ ਕਰੀਬ 50 ਹਜ਼ਾਰ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਤਾਂ ਕਿ 26 ਜਨਵਰੀ ਵਰਗੇ ਹਾਲਾਤ ਪੈਦਾ ਨਾ ਹੋ ਸਕਣ। ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਸ਼ਨੀਵਾਰ ਨੂੰ 'ਚੱਕਾ ਜਾਮ' ਦੀ ਅਪੀਲ ਕੀਤੀ ਸੀ। ਕਿਸਾਨ ਆਗੂਆਂ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ 6 ਫਰਵਰੀ ਦੀ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਸੜਕਾਂ ਨੂੰ ਜਾਮ ਕਰਨਗੇ। ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ 'ਚ ਸ਼ਨੀਵਾਰ ਨੂੰ ਚੱਕਾ ਜਾਮ ਦੌਰਾਨ ਮਾਰਗਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ। ਕਿਸਾਨ ਦੇਸ਼ ਦੇ ਹੋਰ ਹਿੱਸਿਆਂ 'ਚ ਸ਼ਾਂਤੀਪੂਰਨ ਤਰੀਕੇ ਨਾਲ ਤਿੰਨ ਘੰਟਿਆਂ ਲਈ ਰਾਸ਼ਟਰੀ ਅਤੇ ਰਾਜ ਰਾਜਮਾਰਗਾਂ ਨੂੰ ਰੋਕਣਗੇ।

ਇਹ ਵੀ ਪੜ੍ਹੋ : ਚੱਕਾ ਜਾਮ ਨੂੰ ਲੈ ਕੇ ਦਿੱਲੀ ਪੁਲਸ ਨੇ ਵਧਾਈ ਸੁਰੱਖਿਆ, ਤਾਇਨਾਤ ਕੀਤੇ 50 ਹਜ਼ਾਰ ਜਵਾਨ


DIsha

Content Editor

Related News