ਪ੍ਰਸਿੱਧ ਵਿਗਿਆਨੀ ਡਾ. ਪਵਨ ਕੌਸ਼ਿਕ ਦਾ ਕੋਰੋਨਾ ਨਾਲ ਦੇਹਾਂਤ
Tuesday, Jun 08, 2021 - 03:55 PM (IST)
ਅਗਰਤਲਾ– ਬਾਂਸ ਸੈਕਟਰ ਵਿਚ ਕੰਮ ਕਰਨ ਵਾਲੇ ਪ੍ਰਸਿੱਧ ਵਿਗਿਆਨੀ ਅਤੇ ਜੰਗਲਾਤ ਰਿਸਰਚ ਸੈਂਟਰ ਫਾਰ ਰੋਜ਼ੀ-ਰੋਟੀ ਵਿਸਥਾਰ (ਐਫ.ਆਰ.ਸੀ.ਐੱਲ.ਈ.) ਦੇ ਡਾਇਰੈਕਟਰ ਡਾ. ਪਵਨ ਕੇ. ਕੌਸ਼ਿਕ ਦਾ ਸੋਮਵਾਰ ਸ਼ਾਮ ਨੂੰ ਇਕ ਨਿੱਜੀ ਹਸਪਤਾਲ ਵਿਚ ਕੋਰੋਨਾ ਕਾਰਨ ਦੇਹਾਂਤ ਹੋ ਗਿਆ। ਡਾ. ਕੌਸ਼ਿਕ 52 ਸਾਲ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ’ਚ ਬਜ਼ੁਰਗ ਮਾਤਾ-ਪਿਤਾ, ਪਤਨੀ, ਇਕ ਬੇਟਾ ਅਤੇ ਬੇਟੀ ਹੈ। ਮੱਧ ਪ੍ਰਦੇਸ਼ ਦੇ ਨਿਵਾਸੀ ਡਾ. ਕੌਸ਼ਿਕ ਪਿਛਲੇ 15 ਸਾਲਾਂ ਤੋਂ ਤ੍ਰਿਪੁਰਾ ’ਚ ਕੰਮ ਕਰ ਰਹੇ ਸਨ। ਉਨ੍ਹਾਂ ਵਿਸ਼ੇਸ਼ ਰੂਪ ਨਾਲ ਰਾਜ ਦੇ ਆਦੀਵਾਸੀ ਇਲਾਕਿਆਂ ’ਚ ਬਾਂਸ ਆਧਾਰਿਤ ਉਦਯੋਗਾਂ ਅਤੇ ਰੋਜ਼-ਰੋਟੀ ਵਿਚ ਮਹੱਤਵਪੂਰਨ ਤਬਦੀਲੀ ਲਿਆਂਦੀ। ਡਾ. ਕੌਸ਼ਿਕ ਨੇ ਤ੍ਰਿਪੁਰਾ ’ਚ ਵੱਡੀ ਗਿਣਤੀ ’ਚ ਬਾਂਸ ਆਧਾਰਿਤ ਨਵਾਚਾਰ ਸ਼ੁਰੂ ਕੀਤੇ। ਉਨ੍ਹਾਂ 2016 ’ਚ ਬਾਂਸ ਤੋਂ ਪਾਣੀ ਦੀ ਬੋਤਲ ਬਣਾਈ ਜੋ ਉਨ੍ਹਾਂ ਦੇ ਦਿਮਾਗ ਦੀ ਉਪਜ ਸੀ।
ਮੁੱਖ ਮੰਤਰੀ ਵਿਲੱਪਨ ਕੁਮਾਰ ਦੇਵ ਨੇ ਪਿਛਲੇ ਸਾਲ ਜਦੋਂ ਹਰਿਤ ਪੁਰਨਵਾਸ ਪਹਿਲ ਦੇ ਉਤਪਾਦ ਦਾ ਪ੍ਰਚਾਰ ਕੀਤਾ ਸੀ, ਉਦੋਂ ਇਸ ਬੋਦਲ ਨੇ ਬਾਲੀਵੁੱਡ ਸੁਪਰਸਟਾਰ ਰਵੀਨਾ ਟੰਡਨ ਦਾ ਵੀ ਧਿਆਨ ਖਿੱਚਿਆ ਸੀ। ਡਾ. ਕੌਸ਼ਿਕ ਦੀ ਕੋਸ਼ਿਸ਼ ਨਾਲ ਕਾਰੀਗਰਾਂ ਨੇ ਐੱਫ.ਆਰ.ਸੀ.ਐੱਲ.ਈ. ਤਹਿਤ ਮੂਲ ਸਰਵਧਨ ਕੰਮ ਦੇ ਹਿੱਸੇ ਦੇ ਤੌਰ ’ਤੇ ਉਤਪਾਦਾਂ ਨੂੰ ਵਿਕਸਿਤ ਕੀਤਾ ਸੀ। ਬਾਂਸ ਅਤੇ ਗੰਨਾ ਵਿਕਾਸ ਸੰਸਥਾਨ (ਬੀ.ਸੀ.ਡੀ.ਆਈ.) ਨੇ ਕੇਂਦਰ ਸਰਕਾਰ ਦੁਆਰਾ ਇਕੱਲੇ ਪਲਾਸਟਿਕ ’ਤੇ ਪੂਰਨ ਪਾਬੰਦੀ ਲਗਾਉਣ ਤੋਂ ਬਾਅਦ ਬਾਂਸ ਦੀ ਅਨੋਖੀ ਬੋਤਲ ਡਿਜ਼ਾਇਨ ਕੀਤੀ ਸੀ।
ਡਾ. ਕੌਸ਼ਿਸ਼ ਦੋ ਹਫਤੇ ਪਹਿਲਾਂ ਆਪਣੇ ਗ੍ਰਹਿਨਗਰ ਆਪਣੇ ਕੋਵਿਡ ਪ੍ਰਭਾਵਿਤ ਮਾਤਾ-ਪਿਤਾ ਨੂੰ ਮਿਲਣ ਗਏ ਸਨ, ਜਿਸ ਤੋਂ ਬਾਅਦ ਉਹ ਵੀ ਕੋਰੋਨਾ ਨਾਲ ਪੀੜਤ ਹੋ ਗਏ। ਉਹ ਇਲਾਜ ਲਈ ਅਗਰਤਲਾ ਸਰਕਾਰੀ ਮੈਡੀਕਲ ਕਾਲਜ (ਏ.ਜੀ.ਐੱਮ.ਸੀ.) ’ਚ ਦਾਖਲ ਸਨ। ਉਨ੍ਹਾਂ ਦੀ ਰਿਪੋਰਟ ਨੈਗੇਟਿਵ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਤਿੰਨ ਦਿਨ ਪਹਿਲਾਂ ਉਨ੍ਹਾਂ ਨੂੰ ਬੁਖਾਰ, ਸਾਹ ਲੈਣ ’ਚ ਤਕਲੀਫ ਅਤੇ ਹੋਰ ਪਰੇਸ਼ਾਨੀਆਂ ਕਾਰਨ ਇਥੋਂ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।