ਸਾਵਧਾਨ! ਮੁੰਬਈ ਹਵਾਈ ਅੱਡੇ 'ਤੇ ਇੰਝ ਲੁੱਟ ਰਹੇ ਨੇ ਨਕਲੀ ਕਸਟਮ ਅਧਿਕਾਰੀ

Wednesday, Oct 31, 2018 - 10:06 AM (IST)

ਸਾਵਧਾਨ! ਮੁੰਬਈ ਹਵਾਈ ਅੱਡੇ 'ਤੇ ਇੰਝ ਲੁੱਟ ਰਹੇ ਨੇ ਨਕਲੀ ਕਸਟਮ ਅਧਿਕਾਰੀ

ਮੁੰਬਈ— ਦੁਨੀਆ ਜਦੋਂ ਦੀ ਬਣੀ ਹੈ, ਇਥੇ ਲੋਕਾਂ ਨਾਲ ਵੱਖ-ਵੱਖ ਤਰ੍ਹਾਂ ਦੇ ਧੋਖੇ ਕੀਤੇ ਜਾਂਦੇ ਰਹੇ ਹਨ। ਪੁਰਾਣੇ ਸਮਿਆਂ ਵਿਚ ਧੋਖਾ ਕਰਨ ਦੇ ਢੰਗ ਸਾਧਾਰਨ ਕਿਸਮ ਦੇ ਹੁੰਦੇ ਸਨ ਪਰ ਅੱਜ ਦੇ ਇੰਟਰਨੈੱਟ ਦੇ ਯੁੱਗ ਵਿਚ ਇਹ  ਢੰਗ ਵੀ ਬਦਲ ਗਏ ਹਨ। ਧੋਖੇ ਇੰਨੇ ਅਨੋਖੇ ਢੰਗ ਨਾਲ ਕੀਤੇ ਜਾਂਦੇ ਹਨ ਕਿ ਕਈ ਵਾਰ ਤਾਂ ਸਿਆਣੇ ਤੋਂ ਸਿਆਣਾ ਵਿਅਕਤੀ ਵੀ ਨਿਆਣਾ ਬਣ ਜਾਂਦਾ ਹੈ।
ਮੁੰਬਈ ਵਿਚ ਇਕ ਆਪਣੀ ਕਿਸਮ ਦੇ ਨਵੇਂ ਧੋਖੇ ਦਾ ਪਤਾ ਲੱਗਾ ਹੈ। ਇਥੇ ਨਕਲੀ ਕਸਟਮ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗਿਆ ਜਾਂਦਾ ਰਿਹਾ ਹੈ। ਠੱਗਣ ਦਾ ਤਰੀਕਾ ਵੀ ਵਿਲੱਖਣ ਹੈ। ਕਿਸੇ ਦੇਸ਼ ਦੀ ਇਕ ਔਰਤ ਨਾਲ ਭਾਰਤ ਦੇ ਕਿਸੇ ਵਿਅਕਤੀ ਦੀ ਆਨਲਾਈਨ ਦੋਸਤੀ ਪੁਆਈ ਜਾਂਦੀ ਹੈ। ਫਿਰ ਉਕਤ ਔਰਤ ਆਪਣੇ ‘ਆਨਲਾਈਨ ਦੋਸਤ’ ਨੂੰ ਕਹਿੰਦੀ ਹੈ ਕਿ ਉਹ ਜਲਦੀ ਹੀ ਭਾਰਤ ਆ ਰਹੀ ਹੈ ਤੇ ਉਸ ਲਈ ਵਧੀਆ ਤੋਹਫੇ ਲਿਆਏਗੀ। ਉਕਤ ਔਰਤ ਉਸ ਵਿਅਕਤੀ ਨੂੰ ਬਕਾਇਦਾ ਭਾਰਤ ਆਉਣ ਲਈ ਟਿਕਟ ਵੀ ਆਨਲਾਈਨ ਵਿਖਾਉਂਦੀ ਹੈ ਅਤੇ ਫਿਰ ਇਕ ਦਿਨ ਸਬੰਧਤ ਵਿਅਕਤੀ ਨੂੰ  ਉਕਤ ਔਰਤ ਦਾ ਫੋਨ ਆਉਂਦਾ ਹੈ ਕਿ ਉਹ ਮੁੰਬਈ ਦੇ ਹਵਾਈ ਅੱਡੇ ’ਤੇ ਪਹੁੰਚ ਗਈ ਹੈ ਅਤੇ ਉਹ ਉਸ ਨੂੰ ਲੈਣ ਲਈ ਆ ਜਾਏ।


ਇਸ ਦੌਰਾਨ ਹੀ ਇਕ ‘ਕਸਟਮ ਅਧਿਕਾਰੀ’ ਦਾ ਫੋਨ ਉਕਤ ਵਿਅਕਤੀ ਨੂੰ ਆਉਂਦਾ ਹੈ, ਜੋ ਕਹਿੰਦਾ ਹੈ ਕਿ ਤੁਹਾਡੀ ਵਿਦੇਸ਼ ਤੋਂ ਆਈ ਔਰਤ ਕੋਲ ਮਹਿੰਗਾ ਸਾਮਾਨ ਹੈ ਅਤੇ ਉਸ ਦੀ ਕਸਟਮ ਡਿਊਟੀ 1 ਲੱਖ 45 ਹਜ਼ਾਰ ਬਣਦੀ ਹੈ। ਔਰਤ ਕੋਲ ਡਾਲਰ ਵਜੋਂ ਇਕ ਲੱਖ ਰੁਪਏ ਹਨ। ਤੁਸੀਂ 45 ਹਜ਼ਾਰ ਰੁਪਏ ਦਿਓ। ਉਕਤ ‘ਕਸਟਮ ਅਧਿਕਾਰੀ’ ਹਵਾਈ ਅੱਡੇ ਦੇ ਬਾਹਰ ਆ ਕੇ ਉਕਤ ਵਿਅਕਤੀ ਕੋਲੋਂ 45 ਹਜ਼ਾਰ ਰੁਪਏ ਲੈ ਜਾਂਦਾ ਹੈ। ਵਿਅਕਤੀ ਸੋਚਦਾ ਹੈ ਕਿ ਹੁਣੇ ਹੀ ਔਰਤ ਮਹਿੰਗੇ ਸਾਮਾਨ ਲੈ ਕੇ ਬਾਹਰ ਆਏਗੀ ਪਰ ਇੰਝ ਹੁੰਦਾ ਨਹੀਂ।

PunjabKesari

ਅਜਿਹੇ ਢੰਗ ਨਾਲ ਠੱਗੀ ਦਾ ਸ਼ਿਕਾਰ ਹੋਣ ਤੋਂ ਬਚੇ ਦੇਹਰਾਦੂਨ ਦੇ ਇਕ ਵਿਅਕਤੀ ਹਰਵਿੰਦਰ ਸਿੰਘ ਨੇ ਸਾਰਾ ਭਾਂਡਾ ਭੰਨਿਆ ਹੈ। ਉਸ ਨਾਲ ਵੀ ਇਕ ਵਿਦੇਸ਼ੀ ਔਰਤ ਨੇ ਆਨਲਾਈਨ ਦੋਸਤੀ ਪਾਈ ਅਤੇ ਫਿਰ ਮੁੰਬਈ ਪਹੁੰਚਣ ਦੀ ਗੱਲ ਦੱਸੀ। ਇਸ ਦੌਰਾਨ ‘ਕਸਟਮ ਅਧਿਕਾਰੀ’ ਦਾ ਉਸ ਨੂੰ ਬਕਾਇਆ ਰਹਿੰਦੀ ਕਸਟਮ ਡਿਊਟੀ ਅਦਾ ਕਰਨ ਦਾ ਫੋਨ ਆ ਗਿਆ। ਹਰਵਿੰਦਰ ਸਿੰਘ ਨੇ ਮੁੰਬਈ ਹਵਾਈ ਅੱਡੇ ’ਤੇ ਸਥਿਤ ਆਪਣੇ ਇਕ ਕਸਟਮ ਅਧਿਕਾਰੀ ਦੋਸਤ ਨਾਲ ਅਚਾਨਕ ਹੀ ਇਸ ਸਬੰਧੀ ਜਦੋਂ ਗੱਲ ਕੀਤੀ ਤਾਂ ਸਾਰਾ ਭੇਦ ਖੁੱਲ੍ਹ ਗਿਆ। ਅਸਲ ਵਿਚ ਉਥੇ ਇਸ ਤਰ੍ਹਾਂ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਦਾ ਰੈਕੇਟ ਲੰਬੇ ਸਮੇਂ ਤੋਂ ਚੱਲ ਰਿਹਾ ਸੀ।  ਇਸ ਰੈਕੇਟ ਦੇ ਬੇਨਕਾਬ ਹੋਣ ਪਿੱਛੋਂ  ਹੁਣ ਉਥੇ ਬਹੁਤ ਚੌਕਸੀ ਵਰਤੀ ਜਾ ਰਹੀ ਹੈ।


Related News