3 ਸਾਲਾਂ ਤੋਂ ਬੰਦ ਪਈ ਫੈਕਟਰੀ ''ਚ ਹੋ ਗਿਆ ਧਮਾਕਾ ! 3 ਨੌਜਵਾਨ ਗੰਭੀਰ ਰੂਪ ''ਚ ਹੋਏ ਜ਼ਖ਼ਮੀ

Thursday, Jun 25, 2026 - 01:55 PM (IST)

3 ਸਾਲਾਂ ਤੋਂ ਬੰਦ ਪਈ ਫੈਕਟਰੀ ''ਚ ਹੋ ਗਿਆ ਧਮਾਕਾ ! 3 ਨੌਜਵਾਨ ਗੰਭੀਰ ਰੂਪ ''ਚ ਹੋਏ ਜ਼ਖ਼ਮੀ

ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ਿਵਕਾਸ਼ੀ ਦੇ ਨੇੜੇ ਸਥਿਤ ਸੇਂਗਮਾਲਾਪੱਟੀ ਪਿੰਡ ਵਿੱਚ ਵੀਰਵਾਰ ਨੂੰ ਪਟਾਕੇ ਬਣਾਉਣ ਵਾਲੀ ਇੱਕ ਬੰਦ ਪਈ ਫੈਕਟਰੀ ਵਿੱਚ ਅਚਾਨਕ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਪੁਲਸ ਮੁਤਾਬਕ, 'ਬ੍ਰਿਟੇਨੀਆ' ਨਾਂ ਦੀ ਇਸ ਪਟਾਕਾ ਫੈਕਟਰੀ 'ਚ ਪਿਛਲੇ ਕੁਝ ਸਾਲਾਂ ਤੋਂ ਕੰਮ ਪੂਰੀ ਤਰ੍ਹਾਂ ਬੰਦ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਉੱਥੇ ਸੁੱਟੇ ਗਏ ਸਿਗਰਟ ਦੇ ਟੁਕੜੇ ਦੀ ਚੰਗਿਆੜੀ ਕਾਰਨ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ 'ਚ ਪਏ ਪਟਾਕਿਆਂ ਦੀ ਰਹਿੰਦ-ਖੂੰਹਦ 'ਚ ਜ਼ਬਰਦਸਤ ਧਮਾਕਾ ਹੋ ਗਿਆ। ਇਸ ਹਾਦਸੇ ਦੀ ਲਪੇਟ ਵਿੱਚ ਆਉਣ ਕਾਰਨ ਉੱਥੇ ਮੌਜੂਦ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਪਛਾਣ ਹਰੀਭਰਤ, ਸੁਭਾਸ਼ ਅਤੇ ਮਾਰੀਸੇਲਵਮ ਵਜੋਂ ਹੋਈ ਹੈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਜ਼ਖ਼ਮੀਆਂ ਨੂੰ ਇਲਾਜ ਲਈ ਤੁਰੰਤ ਸ਼ਿਵਕਾਸ਼ੀ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੱਥੇ ਫਿਲਹਾਲ ਉਨ੍ਹਾਂ ਦਾ ਇਲਾਜ ਜਾਰੀ ਹੈ। ਹਾਦਸੇ ਦੇ ਅਸਲ ਕਾਰਨਾਂ ਦੀ ਸਥਾਨਕ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


author

Harpreet SIngh

Content Editor

Related News