Fact Check: ਇਹ ਹੈ ਲਾਸ ਏਂਜਲਸ ''ਚ ਅੱਗ ਬੁਝਾਉਣ ਪਹੁੰਚੇ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਦੀ ਵੀਡੀਓ ਦਾ ਸੱਚ
Friday, Jan 24, 2025 - 03:23 AM (IST)
Fact Check By Vishwas News
ਨਵੀਂ ਦਿੱਲੀ- ਅਮਰੀਕਾ ਦੇ ਲਾਸ ਏਂਜਲਸ ‘ਚ ਲੱਗੀ ਭਿਆਨਕ ਅੱਗ ਨਾਲ ਜੁੜੀ ਕੁਝ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਭਾਰਤੀ ਹਵਾਈ ਸੈਨਾ ਦੇ ਜਹਾਜ਼ ਵੀ ਪਹੁੰਚ ਗਏ ਹਨ। ਇਸ ਦੇ ਨਾਲ ਹੀ ਕੁਝ ਵੀਡੀਓਜ਼ ਦਾ ਇੱਕ ਕੋਲਾਜ ਵੀ ਸ਼ੇਅਰ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਾ ਕਿ ਲਾਸ ਏਂਜਲਸ ਵਿੱਚ ਲੱਗੀ ਅੱਗ ਨਾਲ ਨਜਿੱਠਣ ਲਈ ਕੈਨੇਡਾ ਅਤੇ ਮੈਕਸੀਕੋ ਨੇ ਫਾਇਰਫਾਈਟਰਜ਼ ਦਲ ਉੱਥੇ ਭੇਜੀਆਂ ਹਨ, ਜਦਕਿ ਯੂਕਰੇਨ ਅਤੇ ਈਰਾਨ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਦੇ ਅਮਰੀਕਾ ਪਹੁੰਚਣ ਦਾ ਦਾਅਵਾ ਗਲਤ ਹੈ।
ਵਾਇਰਲ ਪੋਸਟ
ਇੰਸਟਾਗ੍ਰਾਮ ਯੂਜ਼ਰ insta___reel ਨੇ 15 ਜਨਵਰੀ 2025 ਨੂੰ ਕੁਝ ਵੀਡੀਓਜ਼ (ਆਰਕਾਈਵ ਲਿੰਕ) ਦਾ ਇੱਕ ਕੋਲਾਜ ਸਾਂਝਾ ਕੀਤਾ ਹੈ। ਇਨ੍ਹਾਂ ‘ਚ ਜਹਾਜ਼ਾਂ ਨੂੰ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਇਸ ‘ਤੇ ਲਿਖਿਆ ਹੈ, “ਭਾਰਤੀ ਹਵਾਈ ਸੈਨਾ ਨੇ ਕੀਤੀ ਮਦਦ ਅਮਰੀਕਾ ਦੀ।”
ਪੜਤਾਲ
ਇਸ ਦਾਅਵੇ ਦੀ ਜਾਂਚ ਕਰਨ ਤੋਂ ਪਹਿਲਾਂ, ਅਸੀਂ ਅਮਰੀਕਾ ਦੇ ਲਾਸ ਏਂਜਲਸ ਵਿੱਚ ਲੱਗੀ ਅੱਗ ਬਾਰੇ ਸਰਚ ਕੀਤੀ। ਯੂਐਸਏ ਟੂਡੇ ਵਿੱਚ 17 ਜਨਵਰੀ 2025 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਲਾਸ ਏਂਜਲਸ ਵਿੱਚ ਲੱਗੀ ਅੱਗ ਕਾਰਨ ਲਗਭਗ 27 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 31 ਲੋਕ ਲਾਪਤਾ ਹਨ। ਅੱਗ ਨਾਲ 12 ਹਜ਼ਾਰ ਘਰ ਅਤੇ ਹੋਰ ਉਸਾਰੀਆਂ ਨੂੰ ਨੁਕਸਾਨ ਪਹੁੰਚਾ ਹੈ।
ਨਿਊਜ਼ਵੀਕ ਦੀ ਵੈੱਬਸਾਈਟ ‘ਤੇ 14 ਜਨਵਰੀ ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ, “ਕੈਨੇਡਾ, ਮੈਕਸੀਕੋ, ਯੂਕਰੇਨ ਅਤੇ ਈਰਾਨ ਨੇ ਲਾਸ ਏਂਜਲਸ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਜੰਗਲ ਦੀ ਇਹ ਅੱਗ ਕੈਲੀਫੋਰਨੀਆ ਸ਼ਹਿਰ ਨੂੰ ਤਬਾਹ ਕਰ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਵੀ ਅਮਰੀਕਾ ਨੂੰ ਮਦਦ ਦੀ ਪੇਸ਼ਕਸ਼ ਭੇਜੀ ਹੈ।”
13 ਜਨਵਰੀ ਨੂੰ ਫੌਕਸ ਵੇਦਰ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ”ਕੈਲੀਫੋਰਨੀਆ ‘ਚ ਫਿਰ ਤੋਂ ਭਿਆਨਕ ਅੱਗ ਦੇ ਹਾਲਾਤ ਵਿਚਾਲੇ 60 ਕੈਨੇਡੀਅਨਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਨੇ ਕਿਹਾ ਕਿ ਇਸ ਹਫਤੇ ਮੈਕਸੀਕੋ ਤੋਂ ਫਾਇਰਫਾਈਟਰਜ਼ ਦਲ ਪਹੁੰਚੇ ਹਨ, ਜੋ ਅੱਗ ਨਾਲ ਜੂਝ ਰਹੇ ਲਗਭਗ 14,000 ਲੋਕਾਂ ਦੀ ਮਦਦ ਕਰਨਗੇ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਵੀ ਮਦਦ ਸੀ ਪੇਸ਼ਕਸ਼ ਕੀਤੀ ਹੈ।”
ਸਾਨੂੰ ਸਰਚ ਵਿੱਚ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ, ਜਿਸ ਤੋਂ ਇਹ ਪੁਸ਼ਟੀ ਹੋ ਸਕੇ ਕਿ ਭਾਰਤ ਵਲੋਂ ਉੱਥੇ ਅੱਗ ਤੋਂ ਨਜਿੱਠਣ ਲਈ ਹਵਾਈ ਸੈਨਾ ਦੇ ਜਹਾਜ਼ ਭੇਜੇ ਗਏ ਹਨ।
ਇੰਡੀਅਨ ਏਅਰ ਫੋਰਸ ਦੇ ਐਕਸ ਹੈਂਡਲ ਤੋਂ ਵੀ ਅਜਿਹੀ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਸਾਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦੇ ਐਕਸ ਅਕਾਊਂਟ ‘ਤੇ ਵੀ ਇਸ ਨਾਲ ਸਬੰਧਤ ਕੋਈ ਪੋਸਟ ਨਹੀਂ ਮਿਲੀ।
ਵਾਇਰਲ ਵੀਡੀਓ ‘ਚ ਦਿਖਾਈ ਦੇ ਰਹੇ ਵਿਮਾਨਾ ‘ਤੇ ਭਾਰਤੀ ਹਵਾਈ ਸੈਨਾ ਦੇ ਨਿਸ਼ਾਨ ਵੀ ਨਹੀਂ ਹਨ। ਇਹਨਾਂ ਦੇ ਕੀਫ੍ਰੇਮਾਂ ਨੂੰ ਕੱਢ ਕੇ ਗੂਗਲ ਲੈਂਸ ਰਾਹੀਂ ਸਰਚ ਕਰਨ ‘ਤੇ ਸਾਨੂੰ ਇਸਦੇ ਬਾਰੇ ਕੋਈ ਪ੍ਰਮਾਣਿਕ ਮੀਡੀਆ ਰਿਪੋਰਟ ਨਹੀਂ ਮਿਲੀ। ਵਿਸ਼ਵਾਸ ਨਿਊਜ਼ ਇਨ੍ਹਾਂ ਵੀਡੀਓ ਕਲਿੱਪਾਂ ਦੇ ਸਮੇਂ ਅਤੇ ਸਹੀ ਸਥਾਨ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਸ ਬਾਰੇ ਦੈਨਿਕ ਜਾਗਰਣ ਦੇ ਵਿਦੇਸ਼ ਮੰਤਰਾਲੇ ਦੇਖਣ ਵਾਲੇ ਦੈਨਿਕ ਜਾਗਰਣ ਦੇ ਵਿਸ਼ੇਸ਼ ਸੰਵਾਦਦਾਤਾ ਜੇਪੀ ਰੰਜਨ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੈ। ਇਹ ਸਭ ਫਰਜ਼ੀ ਚਲ ਰਿਹਾ ਹੈ।
ਅਸੀਂ ਗਲਤ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਇੰਸਟਾ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਦੇ 1 ਲੱਖ 22 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।
ਨਤੀਜਾ: ਲਾਸ ਏਂਜਲਸ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਦੇ ਜਾਂ ਦਾ ਦਾਅਵਾ ਗਲਤ ਹੈ। ਕੈਨੇਡਾ ਅਤੇ ਮੈਕਸੀਕੋ ਨੇ ਅੱਗ ਨਾਲ ਨਜਿੱਠਣ ਲਈ ਫਾਇਰਫਾਈਟਰਜ਼ ਨੂੰ ਅਮਰੀਕਾ ਭੇਜਿਆ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishwas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)