ਫੇਸਬੁੱਕ ਇੰਡੀਆ ਦੀ ਅਧਿਕਾਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Monday, Aug 17, 2020 - 08:36 PM (IST)

ਨਵੀਂ ਦਿੱਲੀ - ਫੇਸਬੁੱਕ ਇੰਡੀਆ ਦੀ ਸੀਨੀਅਰ ਕਾਰਜਕਾਰੀ ਅਧਿਕਾਰੀ ਅੰਖੀ ਦਾਸ ਨੇ ਦਿੱਲੀ ਪੁਲਸ 'ਚ ਧਮਕੀ ਮਿਲਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਅੰਖੀ ਦਾਸ ਨੂੰ ਜਾਨੋਂ ਮਾਰਨ ਦੀ ਦਮਕੀ ਦਿੱਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫੇਸਬੁੱਕ ਇੰਡੀਆ ਦੀ ਪਬਲਿਕ ਪਾਲਿਸੀ ਡਾਇਰੈਕਟਰ ਅੰਖੀ ਦਾਸ ਦੀ ਸ਼ਿਕਾਇਤ 'ਤੇ ਸਾਇਬਰ ਸੈੱਲ ਯੂਨਿਟ ਕੰਮ ਕਰ ਰਹੀ ਹੈ। ਦਾਸ ਨੇ ਐਤਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੌਰਾਨ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਕੁੱਝ ਲੋਕ ਆਨਲਾਈਨ ਪੋਸਟ ਕਰ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਲੈ ਕੇ ਅਸ਼ਲੀਲ ਕੁਮੈਂਟ ਕਰ ਰਹੇ ਹਨ।
ਸ਼ਿਕਾਇਤ ਦੇ ਅਨੁਸਾਰ ਇਹ ਧਮਕੀਆਂ 14 ਅਗਸਤ ਨੂੰ ਵਾਲ ਸਟ੍ਰੀਟ ਜਰਨਲ 'ਚ ਛਪੇ ਇੱਕ ਲੇਖ ਦੇ ਸੰਬੰਧ 'ਚ ਹਨ। ਉਨ੍ਹਾਂ ਨੇ ਸ਼ਿਕਾਇਤ 'ਚ ਦੱਸਿਆ ਹੈ ਕਿ ਉਨ੍ਹਾਂ ਨੂੰ ਲੇਖ ਪ੍ਰਕਾਸ਼ਿਤ ਹੋਣ ਤੋਂ ਬਾਅਦ ਤੋਂ ਧਮਕੀਆਂ ਮਿਲ ਰਹੀਆਂ ਹਨ। ਆਪਣੀ ਸ਼ਿਕਾਇਤ 'ਚ ਅੰਖੀ ਦਾਸ ਨੇ ਕਿਹਾ ਹੈ ਕਿ ਆਨਲਾਈਨ ਕੰਟੈਂਟ ਦੇ ਜ਼ਰੀਏ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜੀਵਨ ਅਤੇ ਹਿੰਸਾ ਦਾ ਖ਼ਤਰਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਕੰਟੈਂਟ 'ਚ ਇੱਕ ਸਮਾਚਾਰ ਲੇਖ ਦੇ ਆਧਾਰ 'ਤੇ ਉਨ੍ਹਾਂ ਦੀ ਪ੍ਰਤੀਸ਼ਠਾ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੰਖੀ ਦਾਸ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਦੋਸ਼ੀਆਂ ਵੱਲੋਂ ਰਾਜਨੀਤਕ ਜੁੜਾਵ ਕਾਰਨ ਜਾਣਬੁੱਝ ਕੇ ਅਪਮਾਨਿਤ ਕੀਤਾ ਜਾ ਰਿਹਾ ਸੀ ਅਤੇ ਹੁਣ ਉਨ੍ਹਾਂ ਨੂੰ ਆਨਲਾਈਨ ਅਤੇ ਆਫਲਾਈਨ ਧਮਕੀ ਦਿੱਤੀ ਜਾ ਰਹੀ ਹੈ। ਇਸ ਨਾਲ ਉਨ੍ਹਾਂ ਦੀ ਪ੍ਰਤੀਸ਼ਠਾ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅਮਰੀਕੀ ਅਖ਼ਬਾਰ ਵਾਲ ਸਟ੍ਰੀਟ ਜਰਨਲ 'ਚ ਫੇਸਬੁੱਕ 'ਤੇ ਛਪੇ ਲੇਖ ਤੋਂ ਬਾਅਦ ਤੋਂ ਕਾਂਗਰਸ ਅਤੇ ਭਾਜਪਾ 'ਚ ਘਮਸਾਨ ਛਿੜਿਆ ਹੋਇਆ ਹੈ।