ਯਾਤਰੀਆਂ ਨਾਲ ਭਰੀ ਟਰੇਨ ''ਚ ਧਮਾਕਾ, ਅੱਗ ਲੱਗਣ ਕਾਰਨ ਮੱਚ ਗਿਆ ਚੀਕ-ਚਿਹਾੜਾ

Monday, Oct 28, 2024 - 09:14 PM (IST)

ਯਾਤਰੀਆਂ ਨਾਲ ਭਰੀ ਟਰੇਨ ''ਚ ਧਮਾਕਾ, ਅੱਗ ਲੱਗਣ ਕਾਰਨ ਮੱਚ ਗਿਆ ਚੀਕ-ਚਿਹਾੜਾ

ਨੈਸ਼ਨਲ ਡੈਸਕ - ਰੋਹਤਕ ਤੋਂ ਦਿੱਲੀ ਜਾ ਰਹੀ ਯਾਤਰੀ ਟਰੇਨ 'ਚ ਸ਼ੱਕੀ ਹਾਲਾਤਾਂ 'ਚ ਧਮਾਕਾ ਹੋ ਗਿਆ। ਧਮਾਕੇ ਕਾਰਨ ਇੱਕ ਬੋਗੀ ਨੂੰ ਅੱਗ ਲੱਗ ਗਈ, ਜਿਸ ਕਾਰਨ ਚਾਰ ਸਵਾਰੀਆਂ ਗੰਭੀਰ ਰੂਪ ਨਾਲ ਝੁਲਸ ਗਈਆਂ। ਹਾਦਸੇ ਤੋਂ ਬਾਅਦ ਜ਼ਖਮੀ ਯਾਤਰੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਰੇਲਵੇ ਪੁਲਸ ਅਤੇ ਸਥਾਨਕ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਰੇਲਵੇ ਅਤੇ ਪੁਲਸ ਦੀਆਂ ਟੀਮਾਂ ਨੇ ਮੌਕੇ ਦਾ ਮੁਆਇਨਾ ਕੀਤਾ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕੋਈ ਸਲਫਰ-ਪੋਟਾਸ਼ ਲੈ ਕੇ ਜਾ ਰਿਹਾ ਸੀ ਅਤੇ ਇਸੇ ਕਾਰਨ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਵੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਇਸ ਬਾਰੇ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਐਫ.ਐਸ.ਐਲ. ਟੀਮ ਨੇ ਵੀ ਮੌਕੇ ਦਾ ਮੁਆਇਨਾ ਕੀਤਾ ਅਤੇ ਮੌਕੇ ਤੋਂ ਲੋੜੀਂਦੇ ਤੱਥ ਇਕੱਠੇ ਕੀਤੇ।

ਰੇਲਵੇ ਪੁਲਸ ਨੇ ਇਸ ਸਬੰਧੀ ਬੰਬ ਨਿਰੋਧਕ ਟੀਮ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪੁਲਸ ਅਨੁਸਾਰ ਇਹ ਯਾਤਰੀ ਰੇਲਗੱਡੀ ਰੋਹਤਕ ਰੇਲਵੇ ਸਟੇਸ਼ਨ ਤੋਂ ਸ਼ਾਮ ਕਰੀਬ 4.20 ਵਜੇ ਦਿੱਲੀ ਲਈ ਰਵਾਨਾ ਹੋਈ ਸੀ। ਜਦੋਂ ਟਰੇਨ ਸਾਂਪਲਾ ਸਟੇਸ਼ਨ ਤੋਂ ਥੋੜ੍ਹੀ ਅੱਗੇ ਵਧੀ ਤਾਂ ਅਚਾਨਕ ਇੱਕ ਬੋਗੀ ਵਿੱਚ ਧਮਾਕਾ ਹੋ ਗਿਆ। ਧਮਾਕੇ ਕਾਰਨ ਚਾਰ ਯਾਤਰੀ ਝੁਲਸ ਗਏ ਅਤੇ ਟਰੇਨ 'ਚ ਹਫੜਾ-ਦਫੜੀ ਮੱਚ ਗਈ। ਘਟਨਾ ਤੋਂ ਬਾਅਦ ਟਰੇਨ ਨੂੰ ਤੁਰੰਤ ਰੋਕ ਦਿੱਤਾ ਗਿਆ ਅਤੇ ਡਰਾਈਵਰ ਨੇ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ। ਟਰੇਨ 'ਚ ਧਮਾਕੇ ਦੀ ਸੂਚਨਾ ਮਿਲਣ 'ਤੇ ਸਾਂਪਲਾ ਪੁਲਸ ਵੀ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਇਸ ਦੌਰਾਨ ਰੋਹਤਕ ਤੋਂ ਆਰ.ਪੀ.ਐਫ. ਦੀ ਟੀਮ ਵੀ ਮੌਕੇ 'ਤੇ ਪਹੁੰਚੀ ਅਤੇ ਯਾਤਰੀਆਂ ਤੋਂ ਪੁੱਛਗਿੱਛ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਇਕ ਯਾਤਰੀ ਪਾਲੀਥੀਨ 'ਚ ਸਲਫਰ ਪੋਟਾਸ਼ ਦੀ ਵੱਡੀ ਮਾਤਰਾ ਲੈ ਕੇ ਜਾ ਰਿਹਾ ਸੀ ਕਿ ਸਲਫਰ ਪੋਟਾਸ਼ ਹੀ ਫਟ ਗਿਆ। ਧਮਾਕੇ ਕਾਰਨ ਟਰੇਨ ਦੀ ਬੋਗੀ ਨੂੰ ਅੱਗ ਲੱਗ ਗਈ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਬੋਗੀ ਦੇ ਅੰਦਰ ਧੂੰਆਂ ਨਿਕਲ ਰਿਹਾ ਹੈ ਅਤੇ ਸੀਟਾਂ ਸੜ ਰਹੀਆਂ ਹਨ। ਫਿਲਹਾਲ ਦਿੱਲੀ ਤੋਂ ਬੰਬ ਨਿਰੋਧਕ ਟੀਮ ਨੂੰ ਵੀ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ। ਧਮਾਕੇ ਕਾਰਨ ਟਰੇਨ ਕਾਫੀ ਦੇਰ ਤੱਕ ਖੜ੍ਹੀ ਰਹੀ। ਬਾਅਦ ਵਿੱਚ ਪੁਲਸ ਨੇ ਟਰੇਨ ਨੂੰ ਦਿੱਲੀ ਭੇਜ ਦਿੱਤਾ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


author

Inder Prajapati

Content Editor

Related News